ਉਹ ਕੇਸਰੀ ਪੱਗ ਬੰਨ੍ਹਣ ਲੱਗ ਪਿਆ ਸੀ , ਦਾੜ੍ਹੀ ਵਧਾਉਣ ਲੱਗ ਪਿਆ ਸੀ , ਉਹ ਖਾੜਕੂ ਸਿੰਘਾਂ ਵਾਂਗੂੰ ਗਲ੍ਹ ਵਿੱਚ ਲੋਈ ਪਾ ਕੇ ਮੋਢੇ ਉੱਤੋਂ ਦੀ ਸੁੱਟਣ ਲੱਗ ਪਿਆ ਸੀ , ਉਹਦੇ ਮੁਖ ਉਤਲਾ ਨੂਰ ਦਿਨੋਂ ਦਿਨ ਗੂੜ੍ਹਾ ਹੁੰਦਾ ਜਾ ਰਿਹਾ ਸੀ , ਉਹਦੀਆਂ ਅੱਖਾਂ 'ਚ ਚਮਕ , ਸੀਨੇ 'ਚ ਦਰਦ ਤੇ ਚਿਹਰੇ ਤੇ ਅਲੌਕਿਕ ਨੂਰ ਸੀ ,
ਉਹ ਜਦੋਂ ਗੱਲ ਕਰਦਾ ਤਾਂ ਉਹਦੇ ਬੁੱਲ੍ਹਾਂ ਤੇ ਅਠਾਰਵੀਂ ਸਦੀ ਦੇ ਸਿੰਘਾਂ ਦੀ ਇਬਾਰਤ ਹੁੰਦੀ ।
ਕਿਸਾਨ ਲੀਡਰਾਂ ਨੇ ਕਿਸਾਨੀ ਬਿੱਲਾਂ ਦੇ ਵਿਰੋਧ 'ਚ ਉਹੋ ਪੁਰਾਣੇ ਸਟੈਲ ਅਨੁਸਾਰ ਰੇਲ - ਪਟੜੀਆਂ ਮੱਲ ਲਈਆਂ , ਫੇਰ ਇੱਕ ਦਿਨ ਉਹ ਬੰਬਿਉਂ ਆਇਆ ਤੇ ਜਵਾਨੀ ਦੀ ਬਾਂਹ ਫੜਕੇ ਬਾਡਰ ਤੇ ਲੈ ਗਿਆ ,
ਜਦੋਂ ਉਹਨੇ ਦਿੱਲੀ ਦੇ ਕਿੰਗਰੇ ਢਾਹੁਣ ਦੀ ਤਿਆਰੀ ਕਰਦਿਆਂ ਪਰਨੇ ਦਾ ਪਹਿਲਾ ਲੜ ਲਾਇਆਂ ਤਾਂ ਹਜ਼ਾਰਾਂ ਮੁੰਡਿਆਂ ਨੇ ਟਰੈਕਟਰ ਰਾਜਧਾਨੀ ਵੱਲ ਨੂੰ ਸਿੱਧੇ ਕਰ ਦਿੱਤੇ , ਉਹਨੇ ਦਿੱਲੀ ਪਹੁੰਚ ਕੇ ਕੌਮ ਖਿਲਾਫ ਬਿਰਤਾਂਤ ਘੜਨ ਵਾਲਿਆਂ ਦੇ ਬਿਰਤਾਂਤ ਤੱਥਾਂ - ਦਲੀਲਾਂ ਨਾਲ ਤੋੜੇ ।
ਉਸ ਤੇ ਤੁਹਮਤਾਂ ਲੱਗਦੀਆਂ ਗਈਆਂ , ਉਹ ਨਿੱਖਰਦਾ ਗਿਆ , ਉਸਨੂੰ ਦਬਾਇਆ ਗਿਆ , ਉਹ ਉੱਭਰਦਾ ਗਿਆ , ਉਸਨੇ ਫ਼ਸਲ ਦੀ ਲੜਾਈ ਪਿੱਛੇ ਲੁਕੀ ਨਸਲ ਦੀ ਲੜਾਈ ਨੂੰ ਡੀਕੋਡ ਕਰਕੇ ਘਰ - ਘਰ ਪਹੁੰਚਾਇਆ , ਕਰੋੜਾਂ ਦੇ ਮਾਲਕ ਨੂੰ ਕੀ ਲੋੜ ਸੀ ਟੈਂਟਾਂ 'ਚ ਸੌਣ ਦੀ , ਡਾਇਨਿੰਗ ਟੇਬਲਾਂ ਤੇ ਬਹਿ ਕੇ ਰੋਟੀ ਖਾਣ ਵਾਲਾ ਚੁੱਲ੍ਹੇ ਦੇ ਦੁਆਲੇ ਬਹਿ ਹੱਥ ਤੇ ਪ੍ਰਸ਼ਾਦਾ ਰੱਖ ਉੱਤੇ ਦਾਲ ਪਵਾ ਕੇ ਸਿਆਲੀ ਰਾਤਾਂ ਵਿੱਚ ਪਿੰਡਾਂ ਵਾਲਿਆਂ ਨੂੰ 'ਨਿਊ ਵਰਲਡ ਔਡਰ' ਸਮਝਾਉਂਦਾ ਰਿਹਾ , ਕਦੇ ਸੁਣਿਆ ਜਾਂ ਵੇਖਿਆ ਸੀ ਕਿ ਕਿਸੇ ਦੀ ਬਲਦੀ ਚਿਖਾ ਤੇ ਖਲ੍ਹੋ ਕੇ ਮੁੰਡੇ ਅੰਮ੍ਰਿਤ ਦਾ ਦਾਨ ਮੰਗਣ , ਕਦੀ ਕਿਸੇ ਦੇ ਫੁੱਲਾਂ ਦੀ ਵੀ ਰਾਖੀ ਕਰਨੀ ਪਈ ਹੋਵੇ ਕਿਉਂਕਿ ਲੋਕ ਮਰਜੀਵੜੇ ਦੀ ਰਾਖ ਝੋਲੀਆਂ 'ਚ ਪਾ ਕੇ ਘਰਾਂ ਨੂੰ ਲਿਜਾ ਰਹੇ ਸਨ ।
ਉਹ ਦੀਪ ਸੀ ਤੇ 'ਦੀਪ' ਹੈ , ਦੀਪ ਕਦੇ ਬੁਝਦੇ ਨਹੀਂ ਹੁੰਦੇ , ਦੀਪ ਉਦੋਂ ਵੀ ਬਲਦੇ ਹੁੰਦੇ ਹਨ ਜਦੋਂ ਸੂਰਜ ਲੱਥ ਜਾਣ , ਚੰਦਰਮਾਂ ਬੱਦਲਾਂ ਉਹਲੇ ਹੋ ਜਾਣ , ਸ਼ਹੀਦ ਜਿਸ ਦਿਨ ਆਪਣੇ ਸੁਆਸਾਂ ਦੀ ਪੂੰਜੀ ਤਿਆਗਦਾ ਹੈ ਉਸ ਦਿਨ ਤਾਂ ਉਹਦਾ ਅਸਲੀ ਜੀਵਨ ਸ਼ੁਰੂ ਹੁੰਦਾ ਹੈ , ਰਹਿੰਦੀ ਦੁਨੀਆ ਤੱਕ ਲੋਕਾਈ ਉਸਦੇ ਕੌਮ ਪ੍ਰਤਿ ਇਸ਼ਕ ਦੇ ਅਕੀਦੇ ਪੜ੍ਹਦੀ ਰਹੇਗੀ , "ਪੰਥ ਕੀ ਜੀਤ" ਕਹਿੰਦਿਆਂ ਹਵਾ ਵਿੱਚ ਨਿਸ਼ਾਨ ਸਾਹਿਬ ਝੁਲਾਉਂਦੇ ਦਾ ਉਹਦਾ ਨੂਰਾਨੀ ਤੇ ਸਾਊ ਮੁਖੜਾ ਸਾਡੀਆਂ ਅੱਖਾਂ ਅੱਗੇ ਘੁੰਮਦਾ ਰਹੇਗਾ ਤੇ "ਦੀਪ" ਸਦਾ ਜਗਦਾ ਰਹੇਗਾ...!!!!!