Thursday, December 1, 2022

Giani Sohan Singh Sital ਸੀਤਲ ਜਿਹਾ ਨਾਂ ਕਿਸੇ ਹੋ ਜਾਵਣਾ ਜੀ

 ਸੀਤਲ ਜਿਹਾ ਨਾਂ ਕਿਸੇ ਹੋ ਜਾਵਣਾ ਜੀ ।ਇਸ ਢਾਡੀ ,ਇਤਿਹਾਸਕਰ ,ਕਹਾਣੀਕਾਰ , ਨਾਵਲਿਸਟ ਨੂੰ ਕਾਮਰੇਡਾਂ ਜਾਣ ਬੁੱਝ ਅਣਗੋਲਿਆ ਕੀਤਾ ।ਨਵੀਂ ਪੀੜੀ ਦੇ ਜਵਾਨਾਂ ਨੂੰ ਸੀਤਲ ਸਾਹਿਬ ਨੂੰ ਨਿੱਠ ਕੇ ਪੜ੍ਹਨਾ ਚਾਹੀਦਾ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ

ਗਿਆਨੀ ਸੋਹਣ ਸਿੰਘ ਸੀਤਲ
ਇਹ ੧੯੪੬ ਦੀ ਗੱਲ ਹੈ। ਓਦੋਂ ਮੈਂ ਛੇਵੀਂ ਜਮਾਤ ਚੜ੍ਹਿਆ ਸਾਂ ਜਦੋਂ ਮੈਂ ਪਹਿਲੀ ਵਾਰ ਸੀਤਲ ਹੋਰਾਂ ਨੂੰ ਵੇਖਿਆ ਤੇ ਸੁਣਿਆਂ। ਮੈਂ ਤੇ ਮੇਰਾ ਵੱਡਾ ਵੀਰ ਗੁਰਚਰਨ ਸਿੰਘ ਆਪਣੇ ੫-੭ ਬੇਲੀਆਂ ਨਾਲ ਆਪਣੇ ਪਿੰਡ ਸਹਿਜਰਾ (ਹੁਣ ਪਾਕਿਸਤਾਨ) ਤੋਂ ੧ ਮੀਲ ਦੂਰ ਪਿੰਡ ਰੱਤੋਕੇ ਮੇਲਾ ਵੇਖਣ ਗਏ ਹੋਏ ਸਾਂ। ਘੁੰਮਦਿਆਂ ਫਿਰਦਿਆਂ ਮੇਲਾ ਵੇਖਦਿਆਂ ਘਰੋਂ ਲਿਆਂਦੀ ਆਨਾ-ਦੁਆਨੀ ਜਦ ਖਰਚੀ ਗਈ ਤਾਂ ਗਰਮੀਂ ਦੇ ਹਰਫਲੇ ਹੋਏ ਛਾਂ ਭਾਲਦੇ ਅਸੀਂ ਪੰਡਾਲ ਦੀ ਛਾਂਵੇ ਇਕ ਨੁਕਰੇ ਜਾ ਖਲੋਤੇ। ਪੰਡਾਲ ਦੀ ਛਾਂ ਥੁਹੜੀ ਸੀ ਤੇ
ਸੀਤਲ ਹੋਰਾਂ ਨੂੰ ਸੁਣਨ ਵਾਲਿਆਂ ਦਾ ਇਕੱਠ ਜ਼ਿਆਦਾ। ਸੀਤਲ ਹੋਰਾਂ ਨੇ ੧੯੩੬ ਵਿੱਚ ਪਹਿਲੀ ਵਾਰ ਆਪਣੇ ਢਾਡੀ ਜਥੇ ਨਾਲ ਰੱਤੋਕੇ ਦੀਵਾਨ ਕੀਤਾ ਸੀ। ਸੀਤਲ ਜੀ ਓਦੋਂ ਤੋਂ ਇਸ ਮੇਲੇ ਤੇ ਆਪਣਾ ਪ੍ਰੋਗਰਾਮ ਦੇਣ ਆਇਆ ਕਰਦੇ ਸਨ। ਇਲਾਕੇ ਵਿੱਚ ਉਹਨਾਂ ਦੀ ਕਾਫੀ ਪ੍ਰਸਿੱਧੀ ਹੋ ਚੁਕੀ ਸੀ। ਰੱਤੋਕੇ ਪਹਿਲੇ ਵੱਡੇ ਪੱਧਰ ਦੇ ਦੀਵਾਨ ਦਾ ਬਿਰਤਾਂਤ ਸੀਤਲ ਜੀ ਦੀ ਆਪਣੀ ਕਲਮ ਤੋਂ ਅੰਕਿਤ ਕੀਤਾ ਕਾਬਲੇ ਗੌਰ ਹੈ:
੧੯੩੬ ਈ. ਦਾ ਸਤਾਈ ਵਿਸਾਖ ਦਾ ਦਿਨ... ਸਾਡੇ ਪਿੰਡ ਤੋਂ ਦਸ ਬਾਰਾਂ ਮੀਲ ਦੂਰ ਪਿੰਡ 'ਰੱਤੋਕੇ' ਵਿਚ 'ਬਾਬਾ ਬੀਰ ਸਿੰਘ ਜੀ ਨੌਰੰਗਾਬਾਦੀਏ' ਦਾ ਗੁਰਦੁਆਰਾ ਹੈ। ਸਤਾਈ ਵਿਸਾਖ ਨੂੰ ਹਰ ਸਾਲ ਓਥੇ ਮੇਲਾ ਲੱਗਿਆ ਕਰਦਾ ਸੀ। ਉਸ ਮੇਲੇ ਵਾਸਤੇ ਅਸਾਂ ਉਚੇਚੀ ਵਾਰ ਲਿਖੀ। 'ਸਿੱਖ ਰਾਜ ਕਿਵੇਂ ਗਿਆ' ਦਾ ਪਹਿਲਾ ਭਾਗ ਮੈਂ ਲਿਖਿਆ, ਤੇ ਅਸਾਂ ਸਾਰਿਆਂ ਯਾਦ ਕੀਤਾ। ਸਾਡੇ ਪਿੰਡੋਂ ਦਸ-ਬਾਰਾਂ ਸਿੰਘ ਸਾਨੂੰ ਸੁਣਨ ਵਾਸਤੇ ਤਿਆਰ ਹੋ ਗਏ। ਸਾਰੇ ਰਾਹ ਉਹ ਜਿਵੇਂ ਸਾਡੀ ਅਣਖ ਨੂੰ ਟੁੰਬਦੇ ਗਏ, "ਹੂੰ! ਘਰੇ ਤਾਂ ਰੋਜ਼ ਢੱਡਾਂ ਕੁੱਟਦੇ ਈ ਰਹਿੰਦੇ ਓ ਨਾ! ਉਥੇ ਪੁਰਾਣੇ ਪਹਿਲਵਾਨਾਂ ਸਾਮ੍ਹਣੇ ਵੇਖੀ ਜਾਏਗੀ।" ਖੁਸ਼ੀਆਂ ਦੇ ਪੰਧ ਨੇੜੇ। ਹੱਸਦੇ ਖੇਡਦੇ ਅਸੀਂ ਮੇਲੇ ਵਿਚ ਪੁੱਜੇ। ਸੰਗਤਾਂ ਦੀ ਹਾਜ਼ਰੀ ਵੀਹ ਹਜ਼ਾਰ ਤੋਂ ਕੁਛ ਵੱਧ ਹੀ ਹੋਵੇਗੀ। ਸਾਥੋਂ ਪਹਿਲਾਂ ਦੋ ਚੋਟੀ ਦਿਆਂ ਜਥਿਆਂ ਨੇ ਕੀਰਤਨ ਕੀਤਾ। ਫਿਰ ਸਾਡੀ ਵਾਰੀ ਆ ਗਈ। ਮੈਂ ਸਕੱਤਰ ਸਾਹਿਬ ਨੂੰ ਪੁੱਛਿਆ, "ਜੀ ਅਸਾਂ ਟਾਈਮ ਕਿੰਨਾ ਲੌਣਾ ਏਂ?" ਉਹਨੇ ਮੇਰੇ ਵੱਲ ਵੇਖ ਕੇ ਆਪਣੇ ਸੁਭਾਅ ਅਨੁਸਾਰ ਕਿਹਾ, "ਸ਼ੁਰੂ ਕਰ ਓਇ ਮੁੰਡਿਆ! ਸੌਦਾ ਵਿਕਦਾ ਵੇਖ ਕੇ ਸੋਚਾਂਗਾ।"

ਗੁਰੂ ਦੀ ਓਟ ਰੱਖ ਕੇ ਅਸਾਂ ਬੜੇ ਸ੍ਵੈ-ਭਰੋਸੇ ਨਾਲ ਸ਼ੁਰੂ ਕੀਤਾ। ਮੰਗਲਾਚਰਨ ਤੋਂ ਬਾਅਦ ਮੈਂ ਸ਼ੇਰੇ-ਪੰਜਾਬ ਦੀ ਬੰਸਾਵਲੀ ਸ਼ੁਰੂ ਕੀਤੀ।... ਫਿਰ ਸ਼ੇਰੇ-ਪੰਜਾਬ ਦਾ ਸੁਰਗਵਾਸ ਹੋਣਾ, ਉਸ ਤੋਂ ਪਿੱਛੋਂ ਆਪਣਿਆਂ ਹੱਥੋਂ ਆਪਣਿਆਂ ਦਾ ਕਤਲ, ਡੋਗਰਿਆਂ ਦੀ ਗ਼ੱਦਾਰੀ ਤੇ ਅੰਤ ਬੀਰ ਸਿੰਘ ਜੀ ਦੀ ਸ਼ਹੀਦੀ 'ਤੇ ਲਿਆ ਕੇ ਖ਼ਤਮ ਕੀਤਾ। ਨਾ ਸਾਨੂੰ ਕਿਸੇ ਨੇ ਹਟਾਇਆ, ਤੇ ਨਾ ਅਸਾਂ ਹਿੰਮਤ ਹਾਰੀ। ਸਾਢੇ ਤਿੰਨ ਘੰਟੇ ਪਿੱਛੋਂ ਅਸਾਂ ਆਪ ਫਤਹਿ ਬੁਲਾਈ। ਸਰੋਤਿਆਂ ਵਾਸਤੇ ਇਹ ਦਿਲ-ਕੰਬਾਊ ਕਹਾਣੀ ਬਿਲਕੁਲ ਨਵੀਂ ਸੀ। ਮੈਂ ਵੇਖ
ਰਿਹਾ ਸਾਂ, ਕਿ ਕੋਈ ਵੀ ਅੱਖ ਸੁੱਕੀ ਨਹੀਂ ਸੀ, ਸਭ ਰੋ ਰਹੇ ਸਨ।

"ਸਟੇਜ ਉੱਤੇ ਸੱਜੇ ਹੱਥ ਡੇਰੇ ਦੇ ਮਹੰਤ ਬਾਬਾ ਹਰਨਾਮ ਸਿੰਘ ਜੀ ਬੈਠੇ ਸਨ। ਉਹ ਵੀ ਰੋ ਰਹੇ ਸਨ। ਉਨ੍ਹਾਂ ਇਸ਼ਾਰਾ ਕਰ ਕੇ ਮੈਨੂੰ ਆਪਣੇ ਕੋਲ ਬੁਲਾ ਲਿਆ... ਨਾਂ ਪਤਾ ਪੁੱਛਣ ਪਿੱਛੋਂ ਉਨ੍ਹਾਂ ਹੁਕਮ ਕੀਤਾ, "ਤੂੰ ਅੱਜ ਨਹੀਂ ਜਾਣਾ। ਮੈਂ ਭਲਕੇ ਤੈਥੋਂ ਇਹ ਵਾਰ ਸੁਣਨੀ ਏਂ।"
ਸੀਤਲ ਜੀ ਤੇ ਮੇਰੇ ਪਿਤਾ ਜੀ ਸ. ਮੋਹਨ ਸਿੰਘ ਸੰਧੂ ਕਸੂਰ ਦੇ ਜਮਾਤੀ ਸਨ। ੧੯੩੦ ਵਿੱਚ ਉਹਨਾਂ ਇਕੱਠਿਆਂ ਦਸਵੀਂ ਕੀਤੀ ਸੀ। ੧੯੫੦ ਵਿੱਚ ਪਿਤਾ ਜੀ ਦੀ ਥਾਣੇ ਸਦਰ ਲੁਧਿਆਣੇ ਐਸ.ਐਚ.ਓ. ਦੀ ਪੋਸਟਿੰਗ ਹੋ ਗਈ। ਮੈਂ ਸਤੰਬਰ ੧੯੫੦ ਵਿੱਚ ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਦਸਵੀਂ 'ਚ ਆ ਦਾਖ਼ਲ ਹੋਇਆ। ਸੀਤਲ ਹੋਰਾਂ ਦਾ ਛੋਟਾ ਬੇਟਾ ਰਘਬੀਰ ਸਿੰਘ ਮੇਰਾ ਜਮਾਤੀ ਸੀ। ਓਦੋਂ ਸੀਤਲ ਹੋਰਾਂ ਨਾਲ ਮੇਲ ਹੋਇਆਂ। ਮੈਂ ਨਾਂਵੀਂ ਜਮਾਤ ਡੀ. ਬੀ. ਹਾਈ ਸਕੂਲ ਅਟਾਰੀ ਤੋਂ ਉਰਦੂ ਫਾਰਸੀ ਨਾਲ ਕੀਤੀ ਸੀ। ਵੱਡੇ ਭਰਾ ਦੀ
ਦੁਖਦਾਈ ਮੌਤ ਪਿੱਛੋਂ ਮੈਂ ਸਤੰਬਰ ਤਕ ਕਿਸੇ ਵੀ ਸਕੂਲ ਦਾਖਲ ਨਹੀਂ ਸਾਂ ਹੋਇਆ। ਖ਼ਾਲਸਾ ਨੈਸ਼ਨਲ ਹਾਈ ਸਕੂਲ ਲੁਧਿਆਣੇ ਵਿੱਚ ਉਰਦੂ ਫਾਰਸੀ ਪੜ੍ਹਾਉਣ ਦਾ ਕੋਈ ਪ੍ਰਬੰਧ ਨਹੀਂ ਸੀ। ਮੇਰੇ ਬੀਜੀ ਪੰਜਾਬੀ ਪੜ੍ਹਨੀ ਜਾਣਦੇ ਸਨ। ਉਹ ਪੰਜ ਗ੍ਰੰਥੀ ਚੋਂ ਪਾਠ ਕਰਦੇ ਹੁੰਦੇ ਸਨ। ਉਹਨਾਂ ਮੈਨੂੰ ਪੰਜਾਬੀ ਪੜ੍ਹਨੀ ਸਿਖਾਈ। ਸੀਤਲ ਹੋਰਾਂ ਕੋਲੋਂ ਮੈਂਨੂੰ 'ਦੁਖੀਏ ਮਾਂ ਪੁੱਤ' ਮਿਲ ਗਈ। ਪੰਜਾਬੀ ਦੀ ਇਹ ਪਹਿਲੀ ਕਿਤਾਬ ਸੀ ਜੋ ਮੈਂ ਹੌਲੀ ਹੌਲੀ ਪੜ੍ਹੀ। ਏਥੋਂ ਮੈਨੂੰ ਸਿੱਖ ਇਤਹਾਸ ਜਾਨਣ ਦਾ ਚੇਟਕ ਲੱਗਾ।

ਜਾਣਿਆਂ ਇਤਹਾਸ ਫਿਰ ਮੈਂ ਆਪਣੀ ਵੀ ਕੌਮ ਦਾ
ਨਾਨਕੋ ਗੋਬਿੰਦ ਦੀ ਰਾਹਾਂ ਵਿਖਾਣੀ ਜ਼ਿੰਦਗੀ।
ਇਸਤਰਾਂ ਹੀ ਦੇਸ਼ ਭਗਤੀ ਧਰਮ ਦਾ ਹਿੱਸਾ ਬਣੀ
ਵਾਂਗ ਸੀਤਲ ਧਰਮ ਦੀ ਸਿੱਖੀ ਹੰਡਾਣੀ ਜ਼ਿੰਦਗੀ।

੧੯੫੫ ਵਿੱਚ ਮੈਂ ਗੌਰਮਿੰਟ ਕਾਲਜ ਲੁਧਿਆਣੇ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਮੇਰੇ ਪਿਤਾ ਜੀ ਚਾਹੁੰਦੇ ਸਨ ਕਿ ਮੈਂ ਐਮ.ਏ. ਅੰਗ੍ਰੇਜ਼ੀ ਕਰਾਂ। ਓਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਹੋਇਆ ਸੀ ਤੇ ਮੈਨੂੰ ਕਲਗੀਧਰ ਗੁਰਦਵਾਰੇ ਸ਼ਾਮੀਂ ਦੀਵਾਨ ਸੁਣਨਣ ਤੇ ਸੀਤਲ ਹੋਰਾਂ ਦੀਆਂ ਕਿਤਾਬਾਂ ਪੜ੍ਹਨ ਦਾ ਵੀ ਸ਼ੌਕ ਸੀ। ਉਹਨਾਂ ਨਾਲ ਲਗਾਓ ਵਧਦਾ ਗਿਆ ਤੇ ੩ ਦਸੰਬਰ ੧੯੬੦ ਨੂੰ ਮੇਰੀ ਸ਼ਾਦੀ ਉਹਨਾਂ ਦੀ ਬੇਟੀ ਮੁਹਿੰਦਰ ਕੌਰ ਨਾਲ ਹੋ ਗਈ। ਸੋਹਣ ਸਿੰਘ ਸੀਤਲ ਤੇ ਮੋਹਨ ਸਿੰਘ ਸੰਧੂ ਦੀ ਕਸੂਰ ਪੜ੍ਹਨ ਵੇਲੇ ਦੀ
ਜਮਾਤੀਆਂ ਤੋਂ ਬਣੀ ਦੋਸਤੀ ਰਿਸ਼ਤੇਦਾਰੀ ਵਿੱਚ ਪਰਵਾਨ ਚੜ੍ਹੀ। ਇਸ ਪਰਵਾਰ ਤੋਂ ਮੈਨੂੰ ਬਹੁਤ ਪਿਆਰ ਮਿਲਿਆ। ਵੱਡੇ ਵੀਰ ਗੁਰਚਰਨ ਦੇ ਗੁਜ਼ਰ ਜਾਣ ਪਿੱਛੋਂ ਜੀਵਨ 'ਚ ਆਈ ਖਲਾ ਕਾਫੀ ਹੱਦ ਤਕ ਵੀਰ ਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਰਘਬੀਰ ਸਿੰਘ ਨੇ ਪੂਰੀ ਕੀਤੀ।

ਸੀਤਲ ਜੀ ਦਾ ਜਨਮ ੭ ਅਗਸਤ ੧੯੦੯ ਨੂੰ ਪਿੰਡ ਕਾਦੀਵਿੰਡ, ਤਹਿਸੀਲ ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ) ਵਿਚ ਮਾਤਾ ਸਰਦਾਰਨੀ ਦਿਆਲ ਕੌਰ ਤੇ ਪਿਤਾ ਸ. ਖੁਸ਼ਹਾਲ ਸਿੰਘ ਪੰਨੂੰ ਦੇ ਘਰ ਹੋਇਆ ਸੀ। ਬਚਪਨ ਤੋਂ ਹੀ ਉਨ੍ਹਾਂ ਦੀ ਰੁਚੀ ਪੜ੍ਹਨ-ਲਿਖਣ ਵੱਲ ਸੀ। ਪਰ ਪਿੰਡ ਵਿੱਚ ਸਕੂਲ ਨਾ ਹੋਣ ਕਰਕੇ ਉਨ੍ਹਾਂ ਨੇ ਪਿੰਡ ਦੇ ਗ੍ਰੰਥੀ ਪਾਸੋਂ ਪੰਜਾਬੀ ਪੜ੍ਹਨੀ ਅਤੇ ਅੱਖਰਾਂ ਦੀ ਪਹਿਚਾਣ ਕਰਨੀ ਸਿਖ ਲਈ । ਸੰਨ ੧੯੨੩ ਈ. ਵਿਚ ੧੪ ਸਾਲ ਦੀ ਉਮਰੇ ਲਾਗਲੇ ਪਿੰਡ ਵਰਨ ਦੇ ਨਵੇਂ ਖੁੱਲੇ ਸਕੂਲ ਦੂਜੀ ਜਮਾਤ ਵਿਚ ਦਾਖਲਾ ਮਿਲ
ਗਿਆ ਤੇ ਕੁਝ ਮਹੀਨੇ ਬਾਅਦ ਹੀ ਸਤੰਬਰ ੧੯੨੩ ਈ. ਵਿਚ ਉਨ੍ਹਾਂ ਨੂੰ ਚੌਥੀ ਜਮਾਤ ਵਿਚ ਕਰ ਦਿੱਤਾ ਗਿਆ ਅਤੇ ੧੯੨੪ ਈ. ਦੀਆਂ ਨਵੀਆਂ ਕਲਾਸਾਂ ਸ਼ੁਰੂ ਹੋਣ ਵੇਲੇ ਪੰਜਵੀਂ ਜਮਾਤ ਵਿਚ ਦਾਖ਼ਲਾ ਮਿਲ ਗਿਆ। ੧੯੩੦ ਈ. ਵਿਚ ਉਨ੍ਹਾਂ ਨੇ ਗੌਰਮਿੰਟ ਹਾਈ ਸਕੂਲ ਕਸੂਰ ਤੋਂ ਸਾਇੰਸ ਅਤੇ ਪੰਜਾਬੀ ਦੇ ਵਿਸ਼ਿਆਂ ਨਾਲ ਦਸਵੀਂ ਫਸਟ ਡਵੀਜ਼ਨ ਵਿੱਚ ਪਾਸ ਕਰ ਲਈ। ਉਸ ਵੇਲੇ ਮੈਟ੍ਰਿਕ ਫਸਟ ਕਲਾਸ ਦੀ ਅੱਜ ਦੀ ਪੀ. ਐਚ. ਡੀ. ਜਿੰਨੀ ਕਦਰ ਹੁੰਦੀ ਸੀ।੧੯੩੧ ਈ. ਵਿਚ ਉਨ੍ਹਾਂ ਦੇ ਪਿਤਾ ਜੀ ਸ. ਖੁਸ਼ਹਾਲ ਸਿੰਘ ਪੰਨੂੰ ਅਕਾਲ ਚਲਾਣਾ ਕਰ ਗਏ।

ਸੋ ਚੋਖੀ ਜ਼ਮੀਨ ਹੋਣ ਕਾਰਣ ਉਨ੍ਹਾਂ ਨੇ ਨੌਕਰੀ ਕਰਨ ਨਾਲੋਂ ਆਪਣੀ ਜ਼ਮੀਨ ਦੀ ਕਾਸ਼ਤ ਦਾ ਕੰਮ ਸਾਂਭ ਲਿਆ।
ਅਠਵੀਂ ਵਿਚ ਪੜ੍ਹਦਿਆਂ ੧੦ ਸਤੰਬਰ ੧੯੨੭ ਨੂੰ ਸੀਤਲ ਜੀ ਦੀ ਸ਼ਾਦੀ ਬੀਬੀ ਕਰਤਾਰ ਕੌਰ ਨਾਲ ਹੋਈ। ਇਨ੍ਹਾਂ ਦੇ ਘਰ ਤਿੰਨ ਪੁੱਤਰ ਸ. ਰਵਿੰਦਰ ਸਿੰਘ ਪੰਨੂੰ (੧੯੨੯), ਸ. ਸੁਰਜੀਤ ਸਿੰਘ ਪੰਨੂੰ (੧੯੩੧), ਸ. ਰਘਬੀਰ ਸਿੰਘ ਸੀਤਲ (੧੯੩੫) ਅਤੇ ਇਕ ਬੇਟੀ (੧੯੩੭) ਮੁਹਿੰਦਰ ਕੌਰ ਨੇ ਜਨਮ ਲਿਆ (ਪਤਨੀ ਸ਼ਮਸ਼ੇਰ ਸਿੰਘ ਸੰਧੂ ਰੀ. ਡਿਪਟੀ ਡੀ. ਪੀ. ਆਈ., ਪੰਜਾਬ)। ਇਹ ਤਿੰਨੇ ਅੱਜਕਲ੍ਹ ਆਪਣੇ ਪਰਿਵਾਰਾਂ ਸਮੇਤ ਕੈਲਗਰੀ, ਕੈਨੇਡਾ ਰਹਿ ਰਹੇ ਹਨ।

ਸੀਤਲ ਜੀ ਨੇ ੧੯੩੩ ਈ. ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ੧੯੨੪ ਵਿਚ ਉਨ੍ਹਾਂ ਦੀ ਕਵਿਤਾ ਪਹਿਲੀ ਵਾਰ 'ਅਕਾਲੀ' ਅਖਬਾਰ ਵਿਚ ਛਪੀ। ੧੯੨੭ ਵਿੱਚ ਉਨ੍ਹਾਂ ਦੀ ਕਵਿਤਾ 'ਕੁਦਰਤ ਰਾਣੀ' ਕਲਕੱਤੇ ਤੋਂ ਛਪਣ ਵਾਲੇ ਪਰਚੇ 'ਕਵੀ' ਵਿਚ ਛਪੀ। ਇਹ ਕਵਿਤਾ ਉਨ੍ਹਾਂ ਦੀਆਂ ਕਵਿਤਾਵਾਂ ਦੇ ਸੰਗ੍ਰਹਿ 'ਸੱਜਰੇ ਹੰਝੂ' ਵਿਚ ਸ਼ਾਮਲ ਹੈ। ੧੯੩੨ ਵਿੱਚ ਉਹਨਾਂ ਨੇ ਕੁਝ ਕਹਾਣੀਆਂ ਵੀ ਲਿਖੀਆਂ ਜੋ
ਮਾਸਿਕ ਪੱਤਰਾਂ ਵਿਚ ਵੀ ਛਪੀਆਂ। ਉਨ੍ਹਾਂ ਦੀਆਂ ਕਹਾਣੀਆਂ 'ਕਦਰਾਂ ਬਦਲ ਗਈਆਂ', ਅਜੇ ਦੀਵਾ ਬਲ ਰਿਹਾ ਸੀ' ਅਤੇ 'ਜੇਬ ਕੱਟੀ ਗਈ' ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ।

੧੯੩੫ ਈ. ਵਿਚ ਉਨ੍ਹਾਂ ਨੇ ਆਪਣੇ ਹਾਣੀਆਂ ਨਾਲ ਰਲ ਕੇ ਇਕ ਢਾਡੀ ਜਥਾ ਬਣਾਇਆ। ਇਸ ਜਥੇ ਦੇ ਆਗੂ ਉਹ ਆਪ ਸਨ। ਕਾਦੀਵਿੰਡ ਤੋਂ ਸੱਤ-ਅੱਠ ਮੀਲ ਦੂਰ ਨਗਰ 'ਲਲਿਆਣੀ' ਦੇ ਬਜ਼ੁਰਗ ਮੁਸਲਮਾਨ ਬਾਬਾ ਚਰਾਗ਼ਦੀਨ ਪਾਸੋਂ ਸੀਤਲ ਜੀ ਤੇ ਉਨ੍ਹਾਂ ਦੇ ਜੋਟੀਦਾਰਾਂ ਨੇ ਢੱਡ ਤੇ ਸਾਰੰਗੀ ਦੀ ਵਿਧੀਵਤ ਸਿਖਲਾਈ ਲਈ। ਸੀਤਲ ਜੀ ਦਾ ਸਾਥੀ ਗੁਰਚਰਨ ਸਿੰਘ ਸਾਰੰਗੀ ਵਜਾਉਣ ਲੱਗ ਪਿਆ ਤੇ ਤਿੰਨੇ ਜਣੇ (ਸ. ਹਰਨਾਮ ਸਿੰਘ, ਸ ਅਮਰੀਕ ਸਿੰਘ ਤੇ ਸ. ਸੋਹਣ ਸਿੰਘ ਸੀਤਲ) ਢੱਡਾਂ।

ਉਹ ਦੂਜੇ ਸਾਥੀਆਂ ਨਾਲੋਂ ਨਾ ਸਿਰਫ ਵਧੇਰੇ ਪੜ੍ਹੇ-ਲਿਖੇ ਅਤੇ ਸਿੱਖ ਇਤਿਹਾਸ ਤੋਂ ਵੀ ਵਾਕਫ ਸਨ ਸਗੋਂ ਉਨ੍ਹਾਂ ਨੂੰ ਹਿੰਦੀ, ਪੰਜਾਬੀ, ਉਰਦੂ, ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਵੀ ਸੀ ਤੇ ਉਹ ਵਿਆਖਿਆ ਵੀ ਚੰਗੀ ਕਰ ਸਕਦੇ ਸਨ। ਇਸ ਤੋਂ ਇਲਾਵਾ ਉਹ ਇਕ ਚੰਗੇ ਕਵੀ ਵੀ ਸਨ। ਇਸ ਲਈ ਉਹ ਗਾਉਣ ਲਈ ਵਾਰਾਂ ਵੀ ਆਪ ਲਿਖਦੇ ਸਨ। ਉਨ੍ਹਾਂ ਦੀਆਂ ਲਿਖੀਆਂ ਵਾਰਾਂ ਵਿਚ ਬੜਾ ਜੋਸ਼ ਸੀ ਤੇ ਉਨ੍ਹਾਂ ਦਾ ਗਾਉਣ ਢੰਗ ਅਤੇ ਅਦਾਇਗੀ ਬੜੀ ਪ੍ਰਭਾਵਸ਼ਾਲੀ ਸੀ। ਥੋੜ੍ਹੇ ਸਮੇਂ ਵਿਚ ਹੀ ਉਨ੍ਹਾਂ ਨੂੰ ਢਾਡੀ ਦੇ ਤੌਰ 'ਤੇ ਪ੍ਰਸਿੱਧੀ ਪ੍ਰਾਪਤ ਹੋ ਗਈ। ਆਪਣੇ ਗਿਆਨ ਤੇ ਅਣਥਕ ਮਿਹਨਤ ਸਦਕਾ ਢਾਡੀ ਬਣਕੇ ਉਹ ਸਟੇਜ ਦੇ ਬਾਦਸ਼ਾਹ ਬਣ ਗਏ।

ਪੰਜਾਬ ਤੇ ਪੰਜਾਬ ਤੋਂ ਬਾਹਰ ਵੀ ਦੇਸ਼ ਦੇ ਕੋਨੇ-ਕੋਨੇ ਵਿਚ ਜਾ ਕੇ ਉਨ੍ਹਾਂ ਨੇ ਸੰਗਤਾਂ ਨੂੰ ਨਿਹਾਲ ਕੀਤਾ। ਜਿਵੇਂ ਕਿ ਕਰਾਚੀ, ਕੋਇਟਾ, ਪਿਸ਼ਾਵਰ, ਕਸ਼ਮੀਰ, ਕਲਕੱਤਾ, ਮਦਰਾਸ, ਬੰਬਈ ਆਦਿ। ੧੯੪੭ ਵਿੱਚ ਮੁਲਕ ਦੀ ਵੰਡ ਹੋ ਗਈ। ਜਦ ਵੰਡ ਸਮੇਂ ਸੀਤਲ ਜੀ ਦਾ ਜੱਦੀ ਪਿੰਡ (ਕਾਦੀਵਿੰਡ) ਪਾਕਿਸਤਾਨ ਵਿਚ ਆ ਗਿਆ ਤਾਂ ਮੁਸਲਮਾਨ ਭਰਾਵਾਂ ਨੇ ਬਹੁਤ ਵੈਰਾਗ ਕੀਤਾ। ਸੀਤਲ ਜੀ ਲਿਖਦੇ ਹਨ:- "ਮੈਂ ਉਸ ਵੇਲੇ ਸੋਚ ਰਿਹਾ ਸਾਂ, ਜਿਹੜੀ ਇਨਸਾਨੀਅਤ ਸਧਾਰਨ ਮਨੁੱਖਾਂ ਵਿਚ ਹੈ, ਓਹਾ ਕਿਤੇ ਨੀਤੀਵਾਨਾਂ ਵਿਚ ਵੀ ਹੁੰਦੀ, ਤਾਂ
ਇਹ ਮੁਲਕ ਟੁਕੜੇ ਨਾ ਹੁੰਦਾ। ਨੀਤੀਵਾਨਾਂ ਦੀ ਤੰਗਦਿਲੀ ਨੇ ਮੁਲਕ ਦੀ ਖ਼ੂਬਸੂਰਤੀ ਮਾਰ ਦਿੱਤੀ ਹੈ।" (ਪੰਨਾ ੧੬੩) ਦੇਸ਼ ਦੀ ਵੰਡ ਪਿੱਛੋਂ ਉਹਨਾਂ ਨੂੰ ੪੦ ਕਿੱਲੇ ਅਮੀਨ ਜ਼ੀਰੇ ਅਲਾਟ ਹੋਈ ਪਰ ੧੯੪੮ ਵਿੱਚ ਉਹ ਲੁਧਿਆਣੇ ਆ ਵੱਸੇ।

ਉਹ ਹੌਲੀ ਹੌਲੀ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਸ਼੍ਰੋਮਣੀ ਢਾਡੀ ਬਣ ਗਏ। ਉਨ੍ਹਾਂ ਨੂੰ ਦੇਸ਼ ਵਿੱਚੋਂ ਵੱਖ ਵੱਖ ਥਾਂਵਾਂ ਦੇ ਨਾਲ-ਨਾਲ ਵਿਦੇਸ਼ ਤੋਂ ਵੀ ਸੱਦੇ ਆਉਣ ਲਗ ਪਏ। ੧੯੬੦ ਵਿਚ ਉਹਨਾਂ ਬ੍ਰਹਮਾ, ਥਾਈਲੈਂਡ, ਸਿੰਘਾਪੁਰ ਅਤੇ ਮਲੇਸ਼ੀਆ ਦੀਵਾਨ ਲਗਾਏ। ੧੯੭੭ ਵਿਚ ਫੇਰ ਇੰਗਲੈਂਡ ਅਤੇ ਕੈਨੇਡਾ ਦਾ ਦੌਰਾ ਕੀਤਾ। ਇੰਗਲੈਂਡ ਵਿਚ ਉਨ੍ਹਾਂ ਨੇ ਵੁਲਵਰਹੈਂਪਟਨ, ਸਾਊਥੈਂਪਟਨ, ਵਾਲਸਲ, ਬਰਮਿੰਘਮ, ਡਡਲੀ, ਬਰੈਡ ਫੋਰਡ, ਕੁਵੈਂਟਰੀ, ਟੈਲਫੋਰਡ, ਲਮਿੰਗਾਨ, ਬਾਰਕਿੰਗ, ਸਮੈਦਿਕ ਅਤੇ ਸਾਉਥਹਾਲ ਦੀਆਂ ਥਾਵਾਂ 'ਤੇ
ਦੀਵਾਨ ਕੀਤੇ। ੧੯੮੦ ਵਿਚ ਉਨ੍ਹਾਂ ਨੇ ਫੇਰ ਇੰਗਲੈਂਡ ਫੇਰਾ ਪਾਇਆ। ੧੯੮੧ ਵਿਚ ਉਨ੍ਹਾਂ ਨੇ ਤੀਜੀ ਵਾਰ ਇੰਗਲੈਂਡ ਅਤੇ ਕੈਨੇਡਾ ਦਾ ਚੱਕਰ ਲਾਇਆ 'ਤੇ ਦੀਵਾਨ ਕੀਤੇ ।

ਇਤਿਹਾਸਕ ਵਾਰਕਾਰ: ਗਿਆਨੀ ਸੋਹਣ ਸਿੰਘ ਸੀਤਲ ਦਾ ਨਾਂ ਇਕ ਇਤਿਹਾਸਕ ਵਾਰਕਾਰ ਦੇ ਤੌਰ 'ਤੇ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਨੇ ਸਿੱਖ ਇਤਿਹਾਸ ਸੰਬੰਧੀ ੭੯ ਪ੍ਰਸੰਗ ਲਿਖੇ ਹਨ। ਸਭ ਤੋਂ ਪਹਿਲਾ ਪ੍ਰਸੰਗ ਸੀਤਲ ਜੀ ਨੇ ੧ ਜਨਵਰੀ ੧੯੩੫ ਈ. ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਧਾਰਨ ਬਾਰੇ 'ਦਸਮੇਸ਼ ਆਗਮਨ' ਲਿਖਿਆ। ਇਸ ਪਿੱਛੋਂ ਸੀਤਲ ਜੀ ੧੯੭੯ ਈ. ਤਕ ਲਗਾਤਾਰ ਪ੍ਰਸੰਗ ਲਿਖਦੇ ਤੇ ਦੀਵਾਨਾਂ ਵਿੱਚ ਗਾਉਂਦੇ ਰਹੇ। ਇਸ ਦਾ ਵੇਰਵਾ ਇਸ ਪ੍ਰਕਾਰ ਹੈ:
੧. ਦਮਸੇਸ਼ ਆਗਮਨ ੧-੧-੧੯੩੫
੨. ਸ਼ਹੀਦ ਗੰਜ ਸਿੰਘਣੀਆਂ (ਲਾਹੌਰ) ੨-੪-੧੯੩੫
੩. ਸ਼ਹੀਦੀ ਗੁਰੂ ਅਰਜਨ ਦੇਵ ਜੀ ੧੫-੫-੧੯੩੫
੪. ਬੰਦੀ ਛੋੜ ਗੁਰੂ ਹਰਿਗੋਬਿੰਦ ਸਾਹਿਬ ਜੀ ੨-੬-੧੯੩੫
੫. ਸਾਕਾ ਸਰਹਿੰਦ-ਸ਼ਹੀਦੀ ਛੋਟੇ ਸਾਹਿਬਜ਼ਾਦੇ ੨੫-੯-੧੯੩੫
੬. ਗੁਰੂ ਨਾਨਕ ਦੇਵ ਜੀ ਤੇ ਨਮਾਜ਼ ਦੌਲਤ ਖਾਨ ੧੧-੧੦-੧੯੩੫
੭. ਵਲੀ ਕੰਧਾਰੀ ੩੦-੧੦-੧੯੩੫
੮. ਸਾਕਾ ਗੱਡੀ ਪੰਜਾ ਸਾਹਿਬ ੫-੧-੧੯੩੬
੯. ਸਿੰਘਾਂ ਨੇ ਅਬਦਾਲੀ ਤੋਂ ਢੱਕਾਂ ਛੁਡਵਾਈਆਂ ੧੦-੧-੧੯੩੬
੧੦. ਪਿਆਰੇ ਦਾ ਪਿਆਰਾ ੯-੧੧-੧੯੩੬
੧੧. ਸ਼ਹੀਦੀ ਗੁਰੂ ਤੇਗ ਬਹਾਦਰ ਜੀ ੧੨-੧੨-੧੯੩੬
੧੨. ਬਾਲਾ ਪ੍ਰੀਤਮ (ਗੁਰੂ ਗੋਬਿੰਦ ਸਿੰਘ ਜੀ) ੨੪-੧੨-੧੯੩੬
੧੩. ਸ਼ਹੀਦੀ ਮਹਾਂ ਸਿੰਘ ਮੁਕਤਸਰ ੪-੧-੧੯੩੭
੧੪. ਬੰਦਾ ਸਿੰਘ ਦੀ ਸਰਹਿੰਦ ਉੱਤੇ ਫ਼ਤਹਿ ੧-੩-੧੯੩੭
੧੫. ਜੰਗ ਸੈਦ ਖ਼ਾਨ ੧-੮-੧੯੩੭
੧੬. ਸ਼ਹੀਦੀ ਭਾਈ ਤਾਰੂ ਸਿੰਘ ਜੀ ੨੧-੮-੧੯੩੭
੧੭. ਸੇਠ ਨਾਹਰੂ ਮੱਲ ੩-੧੨-੯੩੭
੧੮. ਸ਼ਹੀਦੀ ਸੁਬੇਗ ਸਿੰਘ ਸ਼ਾਹਬਾਜ ਸਿੰਘ ੨-੮-੧੯੩੮
੧੯. ਗੁਰੂ ਨਾਨਕ ਦੇਵ ਜੀ ਦੀ ਰੁਹੇਲ ਖੰਡ ਯਾਤਰਾ ੧-੧੦-੧੯੪੧
੨੦. ਸ਼ਹੀਦੀ ਸ. ਹਰੀ ਸਿੰਘ ਨਲੂਆ ੫-੧੦-੧੯੪੨
੨੧. ਸ਼ਹੀਦੀ ਬਾਬਾ ਦੀਪ ਸਿੰਘ ੨੩-੧੧-੧੯੪੩
੨੨. ਜੰਗ ਭੰਗਾਣੀ-ਗੁਰੂ ਗੋਬਿੰਦ ਸਿੰਘ ੧੦-੧੧-੧੯੪੪
੨੩. ਸ਼ਹੀਦੀ ਬੰਦਾ ਸਿੰਘ ੨੦-੯-੧੯੪੬
੨੪. ਵਾਰ ਬੀਬੀ ਸਾਹਿਬ ਕੌਰ ੧-੧-੧੯੪੭
੨੫. ਸ਼ਹੀਦੀ ਅਕਾਲੀ ਫੂਲਾ ਸਿੰਘ ੧੩-੨-੧੯੪੮
੨੬. ਜੰਗ ਚਮਕੌਰ ੧੫-੮-੧੯੪੮
੨੭. ਜੰਗ ਮੁਲਤਾਨ- ਮੁਜ਼ੱਫਰ ਖਾਨ ਦੀ ਮੌਤ ੬-੧੦-੧੯੪੮
੨੮. ਕਸੂਰ ਫ਼ਤਹਿ- ਕੁਤਬਦੀਨ ਨੂੰ ਜਾਗੀਰ ੧੦-੧੦-੧੯੪੮
੨੯. ਚੋਣ ਪੰਜ ਪਿਆਰੇ ੧੨-੧੨-੧੯੪੮
੩੦. ਸ਼ਹੀਦੀ ਭਾਈ ਤਾਰਾ ਸਿੰਘ 'ਵਾਂ' ੧-੩-੧੯੪੯
੩੧. ਜੰਗ ਹਰਿਗੋਬਿੰਦਪੁਰਾ-ਛੇਵੇਂ ਗੁਰਾਂ ਨਾਲ ੧੫-੩-੧੯੪੯
੩੨. ਡੱਲੇ ਦਾ ਸਿਦਕ ਬੰਦੂਕ ਪਰਖਣੀ ੨੩-੩-੧੯੪੯
੩੩. ਮੱਸੇ ਰੰਘੜ ਦੀ ਮੌਤ ੪-੫-੧੯੪੯
੩੪. ਚੌਧਰੀ ਨੱਥੇ ਦੀ ਬਹਾਦਰੀ ੪-੭-੧੯੪੯
੩੫. ਵੱਡਾ ਘੱਲੂਘਾਰਾ ੧੯-੭-੧੯੪੯
੩੬. ਜੰਗ ਪਿਪਲੀ ਸਾਹਿਬ (ਘੱਲੂਘਾਰੇ ਪਿੱਛੋਂ) ੯-੮-੧੯੪੯
੩੭. ਸ਼ਹੀਦੀ ਭਾਈ ਬੋਤਾ ਸਿੰਘ ੨-੧੨-੧੯੪੯
੩੮. ਛੋਟਾ ਘੱਲੂਘਾਰਾ ੧੨-੨-੧੯੫੦
੩੯. ਕਸੂਰ ਮਾਰ ਕੇ ਪੰਡਤਾਣੀ ਛੁਡਾਈ ੧੮-੨-੧੯੫੦
੪੦. ਜ਼ੈਨ ਖ਼ਾਨ ਸਰਹਿੰਦ ਦੀ ਮੌਤ ੨੮-੨-੧੯੫੦
੪੧. ਅਹਿਮਦ ਸ਼ਾਹ ਦਾ ਅਠਵਾਂ ਹਮਲਾ ੪-੩-੧੯੫੦
੪੨. ਜੰਗ ਸੰਗਰਾਣਾ ਸਾਹਿਬ (ਪਾ: ੬) ੨੯-੩-੧੯੫੦
੪੩. ਬਿਧੀ ਚੰਦ ਘੋੜੇ ਲਿਆਂਦੇ ੨-੪-੧੯੫੦
੪੪. ਸ਼ਹੀਦੀ ਭਾਈ ਮਨੀ ਸਿੰਘ ੪-੪-੧੯੫੦
੪੫. ਸ਼ਹੀਦੀ ਭਾਈ ਗੁਰਬਖਸ਼ ਸਿੰਘ ੧੯-੫-੧੯੫੦
੪੬. ਸ਼ਾਹ ਜ਼ਮਾਨ ਦਾ ਆਖ਼ਰੀ ਹਮਲਾ ੨੮-੮-੧੯੫੦
੪੭. ਕਸ਼ਮੀਰ ਫ਼ਤਹਿ 'ਸਿੱਖ ਰਾਜ' ਵਿਚ ਸ਼ਾਮਲ ੭-੧੦-੧੯੫੦
੪੮. ਉੱਚ ਦਾ ਪੀਰ (ਦਸਮੇਸ਼ ਗੁਰੂ) ੩੦-੧੨-੧੯੫੦
੪੯. ਜੰਗ ਲਲਾ ਬੇਗ (ਪਾ:੬) ੨੭-੧-੧੯੫੧
੫੦. ਬਾਬਰ ਦੀ ਚੱਕੀ-ਗੁਰੂ ਨਾਨਕ ਦੇਵ ਜੀ ੮-੨-੧੯੫੧
੫੧. ਜੰਗ ਪੈਂਦੇ ਖਾਨ (ਪਾ:੬) ੧੫-੨-੧੯੫੧
੫੨. ਜਲਾਲਾਬਾਦ ਮਾਰ ਕੇ ਪੰਡਤਾਣੀ ਛੁਡਾਈ ੨੫-੬-੧੯੫੧
੫੩. ਹਮਜ਼ਾ ਗੌਸ ਤੇ ਗੁਰੂ ਨਾਨਕ ਦੇਵ ਜੀ ੧੧-੭-੧੯੫੧
੫੪. ਨਦੌਣ ਯੁੱਧ ੩੦-੫-੧੯੫੩
੫੫. ਰੁਸਤਮ ਖਾਂ ਦੀ ਅਨੰਦਪੁਰ 'ਤੇ ਚੜ੍ਹਾਈ ੧-੭-੧੯੫੩
੫੬. ਹੁਸੈਨੀ ਤੇ ਕਿਰਪਾਲ ਦੀ ਮੌਤ ੨-੧-੧੯੫੪
੫੭. ਬਚਿੱਤਰ ਸਿੰਘ ਦਾ ਹਾਥੀ ਨਾਲ ਜੰਗ ੧੦-੩-੧੯੫੪
੫੮. ਸਤਿਗੁਰ ਨਾਨਕ ਪ੍ਰਗਟਿਆ ੨੧-੩-੧੯੫੫
੫੯. ਹਰਿਗੋਬਿੰਦ ਸਾਹਿਬ ਪ੍ਰਗਟੇ ੨੦-੪-੧੯੫੫
੬੦. ਪ੍ਰਸੰਗ ਭਾਈ ਜੋਗਾ ਸਿੰਘ ੨੬-੪-੧੯੫੫
੬੧. ਚਵਿੰਡੇ ਦੀਆਂ ਸਿੰਘਣੀਆਂ ਦੀ ਬਹਾਦਰੀ ੫-੭-੧੯੫੫
੬੨. ਸ਼ਹੀਦੀ ਹਕੀਕਤ ਰਾਏ ੯-੭-੧੯੫੫
੬੩. ਜੰਗ ਰਾਮ ਰਉਣੀ ਮੀਰ ਮੰਨੂ ਨਾਲ ੧੨-੭-੧੯੫੫
੬੪. ਨਾਦਰ ਦਾ ਹਿੰਦ 'ਤੇ ਹਮਲਾ ੧੧-੯-੧੯੫੫
੬੫. ਮਾਤਾ ਸੁਲੱਖਣੀ (ਪਾ:੬) ੧-੮-੧੯੫੬
੬੬. ਸੱਜਣ ਠੱਗ ਤੇ ਗੁਰੂ ਨਾਨਕ ਦੇਵ ਜੀ ੫-੮-੧੯੫੬
੬੭. ਪਿੰਗਲਾ ਤੇ ਬੀਬੀ ਰਜਨੀ ੯-੮-੧੯੫੬
੬੮. ਖਡੂਰ ਦਾ ਤਪਾ ਸ਼ਿਵਨਾਥ ੧੦-੮-੧੯੫੬
੬੯. ਬਾਬਾ ਆਦਮ ਤੇ ਭਾਈ ਭਗਤੂ ੩੦-੧੨-੧੯੫੬
੭੦. ਅਘੜ ਸਿੰਘ ਹੱਥੋਂ ਮੋਮਨ ਖਾਂ ਦੀ ਮੌਤ ੧੮-੧-੧੯੫੭
੭੧. ਸੱਤਾ ਬਲਵੰਡ ਤੇ ਲੱਧਾ ਉਪਕਾਰੀ ੮-੬-੧੯੫੭
੭੨. ਭਾਈ ਗੁਰਦਾਸ ਦੇ ਸਿਦਕ ਦੀ ਪਰਖ ੧੩-੬-੧੯੫੭
੭੩. ਮੱਖਣ ਸ਼ਾਹ ਗੁਰੂ ਲਾਧੋ ਰੇ ੨੭-੬-੧੯੫੭
੭੪. ਵਿਆਹ ਕੰਵਰ ਨੌਨਿਹਾਲ ਸਿੰਘ ੧੮-੮-੧੯੫੭
੭੫. ਜੰਗ ਹਿੰਦ ਤੇ ਚੀਨ ੨੫-੧੨-੧੯੬੨
੭੬. ਹੈਦਰਾਬਾਦ ਦੀ ਜਿੱਤ ੨੦-੯-੧੯੪੮
੭੭. ਜੰਗ ਹਜ਼ਰੋ ੨੯-੮-੧੯੫੦
੭੮. ਸ਼ਹੀਦੀ ਸ. ਕੇਵਲ ਸਿੰਘ,
੭੯. ਸ਼ਹੀਦੀ ਸ. ਊਧਮ ਸਿੰਘ ੨-੧੨-੧੯੭੯

ਇਨ੍ਹਾਂ ਸਾਰੇ ਪ੍ਰਸੰਗਾਂ ਨੂੰ ਸੀਤਲ ਜੀ ਨੇ ੧੮ ਪੁਸਤਕਾਂ ਵਿਚ ਪ੍ਰਕਾਸ਼ਿਤ ਕੀਤਾ।
੧. ਸੀਤਲ ਕਿਰਣਾਂ
੨. ਸੀਤਲ ਸੁਨੇਹੇ
੩. ਸੀਤਲ ਹੰਝੂ
੪. ਸੀਤਲ ਹੁਲਾਰੇ
੫. ਸੀਤਲ ਤਰੰਗਾਂ
੬. ਸੀਤਲ ਪ੍ਰਸੰਗ
੭. ਸੀਤਲ ਪ੍ਰਕਾਸ਼
੮. ਸੀਤਲ ਤਰਾਨੇ
੯. ਸੀਤਲ ਵਾਰਾਂ
੧੦. ਸੀਤਲ ਤਾਘਾਂ
੧੧. ਸੀਤਲ ਵਲਵਲੇ
੧੨. ਸੀਤਲ ਚੰਗਿਆੜੇ
੧੩. ਸੀਤਲ ਚਮਕਾਂ
੧੪. ਸੀਤਲ ਰਮਜ਼ਾਂ
੧੫. ਸੀਤਲ ਉਮੰਗਾਂ
੧੬. ਸੀਤਲ ਅੰਗਿਆਰੇ
੧੭. ਸੀਤਲ ਮੁਨਾਰੇ
੧੮. ਸੀਤਲ ਸੁਗਾਤਾਂ

ਇਕ ਨਾਵਲਕਾਰ ਦੇ ਪੱਖ ਤੋਂ ਵੀ ਗਿਆਨੀ ਸੋਹਣ ਸਿੰਘ ਸੀਤਲ ਦੀ ਦੇਣ ਬਹੁਤ ਮਹਾਨ ਹੈ। ੧੯੭੪ ਵਿਚ ਉਹਨਾਂ ਨੂੰ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ। ਉਸ ਸਮੇਂ ਭਾਰਤ ਵਿੱਚ ਇਹ ਸਭ ਤੋਂ ਵੱਡਾ ਸਨਮਾਨ ਸੀ ਜੋ ਕਿਸੇ ਕਿਸੇ ਲੇਖਕ ਨੂੰ ਮਿਲ ਸਕਦਾ ਸੀ। ਪੰਜਾਬ ਵਿੱਚ ਕਾਲਜ ਪੱਧਰ ਤੇ ਉਹਨਾਂ ਦੇ ਕਈ ਨਾਵਲ ਬੀ. ਏ./ ਐਮ. ਏ. ਵਾਚ ਕੋਰਸ ਦਾ ਹਿੱਸਾ ਰਹੇ। ਉਨ੍ਹਾਂ ਦਾ ਨਾਵਲ 'ਤੂਤਾਂ ਵਾਲਾ ਖੂਹ' ਕੋਈ ੨੦ ਸਾਲ ਨਾਵੀਂ ਦਸਵੀਂ ਦੇ ਕੋਰਸ ਵਿੱਚ ਲੱਗਾ ਰਿਹਾ। ਉਨ੍ਹਾਂ ਨੇ
ਕੁਲ ੨੨ ਨਾਵਲ ਲਿਖੇ ਹਨ।
੧. ਈਚੋਗਿਲ ਨਹਿਰ ਤਕ,
੨. ਸੁੰਞਾ ਆਹਲਣਾ,
੩. ਮੁੱਲ ਦਾ ਮਾਸ,
੪. ਪਤਵੰਤੇ ਕਾਤਲ,
੫. ਵਿਜੋਗਣ,
੬. ਦੀਵੇ ਦੀ ਲੋਅ,
੭. ਬਦਲਾ,
੮. ਅੰਨ੍ਹੀ ਸੁੰਦਰਤਾ,
੯. ਜੰਗ ਜਾਂ ਅਮਨ,
੧੦. ਤੂਤਾਂ ਵਾਲਾ ਖੂਹ,
੧੧. ਜੁੱਗ ਬਦਲ ਗਿਆ,
੧੨. ਕਾਲੇ ਪਰਛਾਵੇਂ,
੧੩. ਪ੍ਰੀਤ ਤੇ ਪੈਸਾ,
੧੪. ਧਰਤੀ ਦੇ ਦੇਵਤੇ,
੧੫. ਪ੍ਰੀਤ ਕਿ ਰੂਪ,
੧੬. ਧਰਤੀ ਦੀ ਬੇਟੀ,
੧੭. ਮਹਾਰਾਣੀ ਜਿੰਦਾਂ,
੧੮.ਮਹਾਰਾਜਾ ਦਲੀਪ ਸਿੰਘ
੧੯. ਹਿਮਾਲਿਆ ਦੇ ਰਾਖੇ,
੨੦. ਸੁਰਗ ਸਵੇਰਾ,
੨੧. ਸਭੇ ਸਾਝੀਵਾਲ ਸਦਾਇਨਿ,
੨੨. ਜਵਾਲਾਮੁਖੀ।

ਸ. ਸੋਹਣ ਸਿੰਘ ਸੀਤਲ ਵੱਲੋਂ ਲਿਖੇ ਨਾਵਲਾਂ 'ਚੋਂ 'ਜੁੱਗ ਬਦਲ ਗਿਆ', 'ਤੂਤਾਂ ਵਾਲਾ ਖੂਹ' ਅਤੇ 'ਜੰਗ ਜਾਂ ਅਮਨ' ਕ੍ਰਾਂਤੀਕਾਰੀ ਨਾਵਲ ਵਿਸ਼ੇਸ਼ ਤੌਰ ਤੇ ਮਹੱਤਵ ਪੂਰਨ ਹਨ। ਡਾ. ਭੁਪਿੰਦਰ ਸਿੰਘ ਜੋ ਹੁਣ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਵਿਚ ਸੀਨੀਅਰ ਲੈਕਚਰਾਰ ਹਨ ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗਿਆਨੀ ਸੋਹਣ ਸਿੰਘ ਸੀਤਲ ਦੀ ਨਾਵਲਕਾਰੀ 'ਤੇ ਖੋਜ ਕਰਕੇ ਪੀ. ਐੱਚ. ਡੀ. ਦੀ ਡਿਗਰੀ ਹਾਸਲ ਕੀਤੀ ਸੀ। ਆਪ ਦੀਆਂ ਦੋ ਪੁਸਤਕਾਂ 'ਸੀਤਲ ਦੇ ਸ੍ਰੇਸ਼ਟ ਨਾਵਲ' (੧੯੯੮) ਅਤੇ 'ਸੀਤਲ ਜੀ ਦੀ
ਨਾਵਲਕਾਰੀ' (੨੦੦੪) ਨਾਨਕ ਸਿੰਘ ਪੁਸਤਕਮਾਲਾ, ਅੰਮ੍ਰਿਤਸਰ ਤੋਂ ਪ੍ਰਕਾਸ਼ਿਤ ਹੋਈਆਂ।
ਇਸੇ ਤਰ੍ਹਾਂ ਉਨ੍ਹਾਂ ਦੀਆਂ ਇਤਿਹਾਸਕ ਲਿਖਤਾਂ
੧. ਸਿੱਖ ਰਾਜ ਕਿਵੇਂ ਬਣਿਆ,
੨. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ,
੩. ਸਿੱਖ ਰਾਜ ਤੇ ਸ਼ੇਰੇ ਪੰਜਾਬ,
੪. ਸਿੱਖ ਰਾਜ ਕਿਵੇਂ ਗਿਆ,
੫. ਦੁਖੀਏ ਮਾਂ-ਪੁੱਤ,
੬. ਮਹਾਰਾਣੀ ਜਿੰਦਾਂ,
੭. ਦਲੀਪ ਸਿੰਘ

ਸਿੱਖਾਂ ਕੌਮ ਦੀਆਂ ਪ੍ਰਪਤੀਆਂ ਅਪ੍ਰਾਪਤੀਆਂ ਅਤੇ ਦੁਖਾਂਤ, ਸੁਖਾਂਤ ਦੀ ਵਿਥਿਆ ਹਨ। ਇਹ ਲਿਖਤਾਂ ਸਿੱਖੀ ਜਜ਼ਬੇ ਦੀ ਕਹਾਣੀ ਹਨ ਤੇ ਰਾਜ-ਦਰਬਾਰਾਂ ਵਿਚ ਹੁੰਦੀਆਂ ਸਾਜ਼ਸ਼ਾਂ ਅਤੇ ਛੜਯੰਤਰਾਂ ਦੀ ਕਰੂਨਾਮਈ ਕਹਾਣੀ ਹਨ। ਇਹ ਲਿਖਤਾਂ ਕਲਾਸਿਕ ਹੋ ਨਿੱਬੜੀਆਂ ਹਨ ਜੋ ਹਮੇਸ਼ਾਂ-ਹਮੇਸ਼ਾਂ ਲਈ ਸਿੱਖ ਕੌਮ ਲਈ ਸਿੱਖਿਆਦਾਇਕ ਰਹਿਣਗੀਆਂ।
ਕਹਾਣੀ ਸੰਗ੍ਰਹਿ: ਕਦਰਾਂ ਬਦਲ ਗਈਆਂ, ਅੰਤਰਜਾਮੀ।

ਨਾਟਕ: ਸੰਤ ਲਾਧੋ ਰੇ।
ਕਵਿਤਾ: ਵਹਿੰਦੇ ਹੰਝੂ ੧੯੪੦, ਸੱਜਰੇ ਹੰਝੂ ੧੯੪੪, ਦਿਲ ਦਰਿਆ ੧੯੪੬
ਗੀਤ : 'ਕੇਸਰੀ ਦੁਪੱਟਾ' ੧੯੫੬, 'ਜਦੋਂ ਮੈਂ ਗੀਤ ਲ਼ਿਖਦਾ ਹਾਂ' ੧੯੫੮। ਉਹਨਾਂ ਦਾ ਲਿਖਿਆ 'ਕੀਮਾਂ ਮਲਕੀ', ਤੇ 'ਭਾਬੀ ਮੇਰੀ ਗੁੱਤ ਨਾ ਕਰੀ', ਤੇ 'ਅੱਜ ਸਾਡੇ ਓਸ ਆਉਣਾ' ਵਰਗੇ ਕਈ ਗੀਤ ਬਹੁਤ ਮਕਬੂਲ ਹੋਏ। ਪੰਜਾਬ ਦੇ ਹਰ ਮਿਆਰੀ ਕਲਚਰਲ ਪ੍ਰੋਗਰਾਮ ਵਿੱਚ ਉਹਨਾਂ ਦੇ ਗੀਤ ਗਾਏ ਜਾਂਦੇ ਸਨ।
ਇਨ੍ਹਾਂ ਲਿਖਤਾਂ ਨੇ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਨੂੰ ਅਮਰ ਬਣਾ ਦਿੱਤਾ ਹੈ।

ਇਨਾਮ ਤੇ ਸਨਮਾਨ :
੧. ਸੀਤਲ ਜੀ ਨੇ ਬਚਪਨ 'ਚ ਹੀ ਟੱਪੇ ਜੜੋਨ ਤੇ ਕਵਿਤਾ-ਕਵੀਸ਼ਰੀ ਲਿਖਣੀ ਤੇ ਗਾਉਣੀ ਸ਼ੁਰੂ ਕਰ ਦਿੱਤੀ ਸੀ। ਸਿੱਖਿਆ ਤੇ ਉਸਤਾਦਾਂ ਦੀ ਸੁਹਿਰਦਤਾ ਨਾਲ ਰਚਨਾਤਮਿਕ ਪ੍ਰਤਿਭਾ ਵਿਚ ਹੋਰ ਵਾਧਾ ਹੋਇਆ ਅਤੇ ਵਿਦਿਆਰਥੀ ਸੋਹਣ ਸਿੰਘ ਨੇ ਅਠਵੀਂ 'ਚ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਲਾਹੌਰ ਵੱਲੋਂ ਕਰਵਾਏ ਗਏ ਲੇਖ-ਮੁਕਾਬਲੇ ਵਿਚ 'ਤੰਦਰੁਸਤੀ' ਵਿਸ਼ੇ ' ਤੇ ਲੇਖ ਲਿਖ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਹ ਉਨ੍ਹਾਂ ਦੀ ਕਾਬਲੀਅਤ ਦਾ ਪਹਿਲਾ ਸਨਮਾਨ ਸੀ।
੨. ਸੰਨ ੧੯੬੨ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ 'ਕਾਲੇ ਪਰਛਾਵੇਂ' ਨਾਵਲ ਨੂੰ ਪੁਰਸਕ੍ਰਿਤ ਕੀਤਾ ਗਿਆ।
੩. ਭਾਰਤ ਸਰਕਾਰ ਦੀ ਐਜੂਕੇਸ਼ਨ ਮਨਿਸਟਰੀ ਵਾਸਤੇ 'ਬਾਲਗ ਸਾਹਿਤ' ਲਈ ਲਿਖਵਾਏ ਗਏ, ਤਿੰਨ ਨਿੱਕੇ ਨਾਵਲਾਂ 'ਸੁਰਗ-ਸਵੇਰਾ', ਹਿਮਾਲਿਆ ਦੇ ਰਾਖੇ' ਅਤੇ 'ਸਭੇ ਸਾਝੀਵਾਲ ਸਦਾਇਨਿ' ਨੂੰ ਵਾਰੋ-ਵਾਰੀ ੧੯੬੨, ੬੪, ਅਤੇ ੧੯੬੬ਵੇਂ ਵਰ੍ਹੇ, ਮੁਕਾਬਲਿਆਂ ਵਿਚ ਅਠਵੇਂ, ਦਸਵੇਂ ਤੇ ਬਾਰ੍ਹਵੇਂ ਸਥਾਨ 'ਪਰ ਇਨਾਮ ਦਿੱਤੇ ਗਏ ਸਨ।
੪. ਉਹਨਾਂ ਨੂੰ ਸੰਨ ੧੯੭੪ ਵਿਚ 'ਜੁੱਗ ਬਦਲ ਗਿਆ' ਨਾਵਲ ਵਾਸਤੇ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਅਵਾਰਡ ਮਿਲਿਆ।
੫. ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ ਸੰਨ ੧੯੭੯ ਵਿਚ ਗਿ. ਸੋਹਣ ਸਿੰਘ ਸੀਤਲ ਨੂੰ 'ਸ਼੍ਰੋਮਣੀ ਢਾਡੀ' ਵਜੋਂ ਪੁਰਸਕਾਰਿਤ ਕੀਤਾ ਗਿਆ।
੬. ਭਾਸ਼ਾ ਵਿਭਾਗ ਪੰਜਾਬ ਵੱਲੋਂ ਸੰਨ ੧੯੮੩ ਵਿਚ 'ਸ਼੍ਰੋਮਣੀ ਢਾਡੀ' ਵਜੋਂ' ਸਨਮਾਨ ਮਿਲਿਆ।
੭. ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ੧੯੮੭ ਦਾ 'ਕਰਤਾਰ ਸਿੰਘ ਧਾਲੀਵਾਲ' ਪੁਰਸਕਾਰ ਮਿਲਿਆ।
੮. ੧੯੯੩ ਵਿਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਦਾ ਸਨਮਾਨ ਮਿਲਿਆ।
੯. ੧੯੯੪ 'ਚ ਪੰਜਾਬੀ ਸੱਥ ਲਾਂਬੜਾਂ ਵੱਲੋਂ 'ਭਾਈ ਗੁਰਦਾਸ ਪੁਰਸਕਾਰ' ਪ੍ਰਦਾਨ ਕੀਤਾ ਗਿਆ।
੧੦. ਹੋਰ ਅਨੇਕਾਂ ਸਾਹਿਤਕ, ਸਭਿਆਚਾਰਿਕ ਤੇ ਧਾਰਮਿਕ ਸੰਸਥਾਵਾਂ ਵੱਲੋਂ ਗਿ. ਸੋਹਣ ਸਿੰਘ ਸੀਤਲ ਜੀ ਦੀ ਸਖ਼ਸ਼ੀਅਤ ਨੂੰ ਅੰਤਾਂ ਦਾ ਸਤਿਕਾਰ ਅਤੇ ਮਾਨਾਂ ਸਨਮਾਨਾਂ ਨਾਲ ਸਲਾਹਿਆ ਤੇ ਵਡਿਆਇਆ ਗਿਆ ਹੈ।

ਸਿੱਖ ਇਤਿਹਾਸ ਨਾਲ ਸੰਬੰਧਿਤ ਗਿਆਨੀ ਸੋਹਣ ਸਿੰਘ ਸੀਤਲ ਦਾ ਸਭ ਤੋਂ ਖੋਜ ਭਰਪੂਰ ਕੰਮ 'ਸਿੱਖ ਇਤਿਹਾਸ ਦੇ ਸੋਮੇ' ਪੰਜ ਜਿਲਦਾਂ ਵਿਚ ਲਿਖਣਾ ਹੈ। ਸਿੱਖ ਇਤਿਹਾਸ ਨਾਲ ਸੰਬੰਧਿਤ ਗ੍ਰੰਥਾਂ 'ਸ੍ਰੀ ਗੁਰ ਸੋਭਾ' ਤੋਂ ਲੈ ਕੇ 'ਸੂਰਜ ਪ੍ਰਕਾਸ਼' ਤਕ ਦੇ ਗ੍ਰੰਥਾਂ ਵਿੱਚ ਸਮਾਂ ਪੈਣ 'ਤੇ ਸਭਨਾਂ ਵਿਚ ਰਲਾ ਪੈ ਗਿਆ। ਇਸ ਰਲੇ ਦਾ ਕਾਰਨ ਇਹ ਹੈ ਕਿ ੧੭੧੬ ਵਿਚ ਬਾਬਾ ਬੰਦਾ ਸਿੰਘ ਦੇ ਸ਼ਹੀਦ ਹੋਣ ਪਿੱਛੋਂ ਸਿੱਖ ਦੋ ਧੜਿਆਂ ਵਿਚ ਵੰਡੇ ਗਏ। ਗਰਮ ਖਿਆਲੀਆਂ ਨੇ ਮਨ ਬਣਾ ਲਿਆ ਕਿ ਕਿਸੇ ਵੀ ਕੀਮਤ ਉੱਤੇ ਸਰਕਾਰ ਨਾਲ ਸਮਝੌਤਾ
ਨਹੀਂ ਕਰਨਾ। ਇਹ ਤੱਤ ਖਾਲਸਾ ਜੰਗਲਾਂ ਵਿਚ ਚਲਾ ਗਿਆ। ਦੂਜੇ ਪਾਸੇ ਨਰਮ-ਖਿਆਲੀਏ ਸਿੱਖ ਗੁਰਦੁਆਰਿਆਂ ਦੀ ਸੇਵਾ ਤਕ ਹੀ ਸੰਤੁਸ਼ਟ ਰਹਿ ਗਏ। ਸਹਿਜੇ-ਸਹਿਜੇ ਸਾਰੇ ਗੁਰਦੁਆਰਿਆਂ ਉੱਪਰ ਪੁਜਾਰੀ ਕਾਬਜ਼ ਹੋ ਗਏ। ਇਨ੍ਹਾਂ ਪੁਜਾਰੀਆਂ ਨੇ ਹਾਕਮਾਂ ਤੇ ਪੰਡਤਾਂ ਨੂੰ ਖੁਸ਼ ਰੱਖਣ ਲਈ ਸਿੱਖ ਧਰਮ ਦੇ ਅਸੂਲਾਂ ਵਿਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਤੇ ਇਸ ਪ੍ਰਕਾਰ ਬ੍ਰਾਹਮਣੀ ਰੀਤਾਂ ਸਿੱਖੀ ਵਿਚ ਦਾਖਲ ਹੋ ਗਈਆਂ।

ਗਿਆਨੀ ਸੋਹਣ ਸਿੰਘ ਸੀਤਲ ਜੀ ਲਿਖਦੇ ਹਨ ਕਿ ਇਕ ਦਿਨ ਮੇਰੇ ਮਨ ਵਿਚ ਖ਼ਿਆਲ ਆਇਆ ਕਿ ਇਨ੍ਹਾਂ ਇਤਿਹਾਸਾਂ ਬਾਰੇ ਖੋਜ ਕਰਨੀ ਚਾਹੀਦੀ ਹੈ। ਸਿੱਖੀ ਦੇ ਖ਼ਿਲਾਫ ਜੋ ਅਸਰ ਪਾਉਣ ਦਾ ਕੋਝਾ ਜਤਨ ਕੀਤਾ ਗਿਆ, ਉਸ ਉੱਤੇ ਚਾਨਣਾ ਪਾਉਣਾ ਚਾਹੀਦਾ ਹੈ। ਮੈਂ ਮਨ ਬਣਾਇਆ ਕਿ 'ਸ੍ਰੀ ਗੁਰ ਸੋਭਾ' ਤੋਂ ਲੈ ਕੇ 'ਸੂਰਜ ਪ੍ਰਕਾਸ਼' ਤਕ ਖੋਜ ਕੀਤੀ ਜਾਵੇ। ਇਨ੍ਹਾਂ ਇਤਿਹਾਸਾਂ ਦੀ ਬੋਲੀ ਕਾਫੀ ਔਖੀ (ਬ੍ਰਿਜ ਭਾਸ਼ਾ) ਹੈ, ਜੋ ਆਮ ਪਾਠਕ ਦੀ ਸਮਝ ਤੋਂ ਬਾਹਰ ਹੈ। ਫਿਰ ਸੰਮਤ ਵੀ ਐਸੇ ਬਿਖੜੇ ਢੰਗ ਨਾਲ ਦਿੱਤੇ ਗਏ ਹਨ ਕਿ ਜੋ ਪੁਰਾਣ
ਕਥਾਵਾਂ ਤੋਂ ਜਾਣੂ ਨਹੀਂ, ਉਹਦੇ ਵਾਸਤੇ ਸਮਝਣੇ ਔਖੇ ਹਨ। ਜਿਵੇਂ:- 'ਸੰਮਤ ਸੋਲਾ ਸੋ ਗ੍ਰਹਿ ਜਾਨੋ' (੧੬੦੯ ਬਿ:), 'ਸਸਿ ਖਟ ਰਿਤ ਗ੍ਰਹਿ ਸੰਮਤੋ' (੧੬੬੯), 'ਸਸਿ ਖਟ ਗ੍ਰਹਿ ਪੁਨ ਬੇਦ ਬਖਾਨੀ' (੧੬੯੪) ਆਦਿ। ਇਹ ਗ੍ਰੰਥ ਲਿਖੇ ਵੀ ਕਵਿਤਾ ਦੇ ਰੂਪ ਵਿਚ ਹਨ।
ਇਨ੍ਹਾਂ ਉਪਰੋਕਤ ਗੱਲਾਂ ਨੂੰ ਮੁੱਖ ਰੱਖ ਕੇ ਮੈਂ 'ਸਿੱਖ ਇਤਿਹਾਸ ਦੇ ਸੋਮੇ' ਨਾਮ ਦਾ ਗ੍ਰੰਥ ਲਿਖਿਆ, ਜਿਸ ਦੇ ਪੰਜ ਭਾਗ ਹਨ। 'ਸਿੱਖ ਇਤਿਹਾਸ ਦੇ ਸੋਮੇ' ਗ੍ਰੰਥ ਦੇ ਪੰਜ ਭਾਗਾਂ ਵਿਚ ਜੋ ਸਿੱਖ-ਇਤਿਹਾਸ ਨਾਲ ਸੰਬੰਧਿਤ ਗ੍ਰੰਥ ਆਏ ਹਨ ਉਸ ਦਾ ਵੇਰਵਾ ਇਸ ਪ੍ਰਕਾਰ ਹੈ—
(ੳ) ਸਿੱਖ ਇਤਿਹਾਸ ਦੇ ਸੋਮੇ (ਭਾਗ ਪਹਿਲਾ) ਅਕਤੂਬਰ ੧੯੮੧, ਇਸ ਵਿਚ ਪੰਜ ਗ੍ਰੰਥ ਹਨ-
(੧) ਸ੍ਰੀ ਗੁਰ ਸੋਭਾ ਕਰਤਾ ਸੈਨਾ ਪਤਿ
(੨) ਗੁਰ ਬਿਲਾਸ ਕਰਤਾ ਕੁਇਰ ਸਿੰਘ
(੩) ਗੁਰ ਬਿਲਾਸ ਪਾਤਸ਼ਾਹੀ ਛੇਵੀਂ
(੪) ਬੰਸਾਵਲੀਨਾਮਾ ਕਰਤਾ ਕੇਸਰ ਸਿੰਘ (ਛਿੱਬਰ)
(੫) ਗੁਰ ਬਿਲਾਸ ਕਰਤਾ ਸੁੱਖਾ ਸਿੰਘ
(ਅ) ਸਿੱਖ ਇਤਿਹਾਸ ਦੇ ਸੋਮੇ (ਭਾਗ ਦੂਜਾ) ਅਗਸਤ ੧੯੮੨ ਵਿੱਚ ਗ੍ਰੰਥ ਹਨ—
(੧) ਗੁਰੂ ਨਾਨਕ ਮਹਿਮਾ ਕਰਤਾ ਸਰੂਪ ਦਾਸ ਭੱਲਾ।
(੨) ਮਹਿਮਾ ਪ੍ਰਕਾਸ਼ ਕਰਤਾ ਸਰੂਪ ਦਾਸ ਭੱਲਾ।
(੩) ਪਰਚੀਆਂ ਸੇਵਾ ਦਾਸ ਉਦਾਸੀ।
(੪) ਨੌਂ ਗੁਰ ਪ੍ਰਣਾਲੀਆਂ।
(ੲ) ਸਿੱਖ ਇਤਿਹਾਸ ਦੇ ਸੋਮੇ (ਭਾਗ ਤੀਜਾ) - ਅਗਸਤ ੧੯੮੨
ਇਸ ਵਿਚ ਕਵੀ ਸੰਤੋਖ ਸਿੰਘ ਦੀ ਰਚਨਾ 'ਨਾਨਕ ਪ੍ਰਕਾਸ਼' ਹੈ।
(ਸ) ਸਿੱਖ ਇਤਿਹਾਸ ਦੇ ਸੋਮੇ (ਭਾਗ ਚੌਥਾ) - ਨਵੰਬਰ ੧੯੮੩
ਇਸ ਵਿਚ 'ਗੁਰ ਪ੍ਰਤਾਪ ਸੂਰਜ ਗ੍ਰੰਥ' ਦੀਆਂ ਪ੍ਰਥਮ ਦਸ ਰਾਸਾਂ ਹਨ।
(ਹ) ਸਿੱਖ ਇਤਿਹਾਸ ਦੇ ਸੋਮੇ (ਭਾਗ ਪੰਜਵਾਂ) - ਜਨਵਰੀ ੧੯੮੪,
ਇਸ ਵਿਚ ਗੁਰ ਪ੍ਰਤਾਪ ਸੂਰਜ ਗ੍ਰੰਥ ਦਾ ਬਾਕੀ ਭਾਗ ਹੈ।

ਸਿੱਖ ਇਤਿਹਾਸ ਦਾ ਇਹ ਕੰਮ ਸੀਤਲ ਜੀ ਨੇ ਅਥਾਹ ਲਗਨ ਤੇ ਮਿਹਨਤ ਨਾਲ ਕੀਤਾ। ਇਸ ਕੰਮ ਨੂੰ ਵੇਖ ਕੇ ਡਾ. ਮਹਿੰਦਰ ਸਿੰਘ ਰੰਧਾਵਾ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜੇ. ਐੱਸ. ਗਰੇਵਾਲ ਨੂੰ ਕਿਹਾ ਸੀ ਕਿ ਸਾਨੂੰ ਗਿਆਨੀ ਸੋਹਣ ਸਿੰਘ ਸੀਤਲ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣੀ ਚਾਹੀਦੀ ਹੈ। ਪਰ ਅਫਸੋਸ! ਇਹ ਸੰਭਵ ਨਾ ਹੋ ਸਕਿਆ। 'ਸਿੱਖ ਇਤਿਹਾਸ ਦੇ ਸੋਮੇ' ਦੇ ਪੰਜਾਂ ਭਾਗਾਂ ਵਿਚ ਹੀ ਆਪ ਨੇ ਮੂਲ ਰਚਨਾ ਵਿਚ ਟਿੱਪਣੀਆਂ ਦੇ ਕੇ, ਜਿੱਥੇ ਜਿੱਥੇ ਸਿੱਖ ਸਿਧਾਂਤਾਂ ਦੀ
ਅਵੱਗਿਆ ਹੋਈ, ਓਥੇ ਉਸਦੀ ਗੁਰਮਤ ਅਨੁਸਾਰ ਸੋਧ ਕੀਤੀ ਹੈ।

੨੩ ਸਤੰਬਰ, ੧੯੯੮ ਨੂੰ ਸੀਤਲ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਕੀ ਗਿਆਨੀ ਸੋਹਣ ਸਿੰਘ ਸੀਤਲ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਦੇ ਸਨਮੁਖ ਆਸ ਕੀਤੀ ਜਾ ਸਕਦੀ ਹੈ ਕਿ ਉਹਨਾਂ ਨੂੰ ਡੀ.ਲਿਟ ਦੀ ਆਨਰੇਰੀ ਡਿਗਰੀ ਦੇਣ ਦੇ ਅਧੂਰੇ ਰਹਿ ਗਏ ਕਾਰਜ ਨੂੰ ਹੁਣ ਉਹਨਾਂ ਦੀ ਜਨਮ ਸ਼ਤਾਬਦੀ ਵਾਲੇ ਸਾਲ, ਮਰਨ ਉਪਰਾਂਤ ਡੀ.ਲਿਟ ਦੀ ਆਨਰੇਰੀ ਡਿਗਰੀ ਦੇਕੇ ਪੂਰਾ ਕੀਤਾ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਅਦਾਰੇ ਤੇ ਸੁਹਿਰਦ ਵਿਦਵਾਨ ਇਸ ਕੰਮ ਵਿੱਚ ਮਹੱਤਵ ਪੂਰਨ ਰੋਲ ਅਦਾ ਕਰ ਸਕਦੇ ਹਨ।

ਅਗਸਤ ੨੦੦੯ ਵਿਚ ਗਿਆਨੀ ਸੋਹਣ ਸਿੰਘ ਸੀਤਲ ਦੀ ਜਨਮ ਸ਼ਤਾਬਦੀ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੁਆਰਾ ਪ੍ਰਕਾਸ਼ਿਤ ਕੀਤੇ ਜਾਂਦੇ ਮੈਗਜ਼ੀਨ 'ਗੁਰਮਤਿ ਪ੍ਰਕਾਸ਼' ਦਾ ਅਗਸਤ ੨੦੦੯ ਦਾ ਅੰਕ ਗਿਆਨੀ ਸੋਹਣ ਸਿੰਘ ਸੀਤਲ ਵਿਸ਼ੇਸ਼ ਅੰਕ ਦੇ ਰੂਪ 'ਚ ਪ੍ਰਕਾਸ਼ਿਤ ਕੀਤਾ ਹੈ। ਇਸ ਉਦਮ ਦੁਆਰਾ ਪਾਠਕਾਂ ਨੂੰ ਜਿਥੇ ਗਿਆਨੀ ਸੋਹਣ ਸਿੰਘ ਸੀਤਲ ਦੇ ਜੀਵਨ ਬਾਰੇ ਪੁਨਰ ਜਾਣਕਾਰੀ ਮਿਲੇਗੀ, ਉਥੇ ਸਿੱਖ ਇਤਿਹਾਸ ਦੇ ਦੁਖਾਂਤਕ ਅਤੇ ਸੁਖਾਂਤਕ ਦੌਰ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਪੈਦਾ ਹੋਵੇਗੀ। ਇਸ ਸ਼ਲਾਘਾਯੋਗ ਉੱਦਮ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸ. ਅਵਤਾਰ ਸਿੰਘ ਜੀ ਅਤੇ 'ਗੁਰਮਤਿ ਪ੍ਰਕਾਸ਼' ਦੇ ਸੰਪਾਦਕ ਸ. ਸਿਮਰਜੀਤ ਸਿੰਘ ਅਤੇ ਸਮੂੰਹ ਅਦਾਰਾ ਅਤੇ ਵਿਦਵਾਨ ਲੇਖਕ ਸ਼ਲਾਘਾ ਦੇ ਪਾਤਰ ਹਨ।
ਇਸ ਮਹਾਨ ਕ੍ਰਾਂਤੀਕਾਰੀ, ਵਿਚਾਰਵਾਨ, ਢਾਡੀ, ਵਾਰਕਾਰ, ਕਵੀ, ਇਤਿਹਾਸਕਾਰ, ਕਹਾਣੀਕਾਰ, ਨਾਵਲਕਾਰ ਗੁਰਸਿੱਖ ਸਾਹਿਤਕਾਰ ਦੀ ਯਾਦ ਵਿਚ ਗੁਰੂ ਪੰਥ ਵਿਚ ਢਾਡੀਆਂ ਦੇ ਜਨਮ ਦਾਤੇ-ਸਰਪ੍ਰਸਤ-ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਜਨਮ ਅਸਥਾਨ 'ਗੁਰੂ ਕੀ ਵਡਾਲੀ' ਅੰਮ੍ਰਿਤਸਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 'ਗਿਆਨੀ ਸੋਹਣ ਸਿੰਘ ਸੀਤਲ' ਯਾਦਗਾਰੀ ਢਾਡੀ ਅਤੇ ਕਵੀਸ਼ਰੀ ਕਾਲਜ ਉਸਾਰੀ ਅਧੀਨ ਹੈ।

'ਸੀਤਲ' ਸਦਾ ਜਹਾਨ 'ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ।

No comments:

Post a Comment