Sunday, October 2, 2022

ਦੇਗ ਦੇ ਮੋਰਚੇ ਦੀ ਸ਼ਤਾਬਦੀ ‘ਤੇ ਵਿਸ਼ੇਸ

 ਜਦੋਂ ਗ਼ੈਰ-ਦਲਿਤ ਲੋਕ ਦਲਿਤਾਂ ਲਈ ਜੂਝੇ ਤੇ ਜਿੱਤੇ ….।

ਪੰਜਾਬ ਦੇ ਇਤਿਹਾਸ ਵਿਚ 20ਵੀਂ ਸਦੀ ਸਮਾਜਕ ਬਦਲਾਅ ਲਈ ਵਾਹਵਾ ਮਹੱਤਵਪੂਰਨ ਰਹੀ ਹੈ । ਇਸ ਸਦੀ ਦੀ ਸ਼ੁਰੂਆਤ ਵਿੱਚ ਸਿੱਖਾਂ ਨੇ ਲਾਮਿਸਾਲ ਕੁਰਬਾਨੀਆਂ ਕਰਕੇ ਗੁਲਾਮੀ-ਯੁੱਗ ‘ਚ ਆਈਆਂ ਧਾਰਮਿਕ ਗਿਰਾਵਟਾਂ ਨੂੰ ਦੂਰ ਕੀਤਾ। ਇਸੇ ਦੌਰਾਨ ਪੰਜਾਬ ਦੇ ਦੱਬੇ ਕੁਚਲੇ ਵਰਗ ਨੇ ਵੱਡੀ ਗਿਣਤੀ ਵਿਚ ਸਿੱਖ ਧਰਮ ਅਪਣਾਇਆ ਤੇ ਆਰਥਿਕ ਤੌਰ ਤੇ ਸਮਰੱਥ ਪੇਂਡੂ ਕਿਸਾਨੀ ਨੇ ਇਸ ਵਰਗ ਦੀ ਅਗਵਾਈ ਕਰਦਿਆਂ ਸਨਾਤਨੀ ਪ੍ਰਭਾਵ ਵਾਲੇ ਬਿਪਰ ਪੁਜਾਰੀਆਂ ਕੋਲੋਂ ਅਛੂਤਾਂ ਕਹੇ ਜਾਂਦੇ ਇਨ੍ਹਾਂ ਵੀਰਾਂ ਨੂੰ ਉਹ ਹੱਕ ਵਾਪਸ ਲੈ ਕੇ ਦਿੱਤੇ ਜੋ ਗੁਰੂ ਸਾਹਿਬਾਨ ਆਪ ਬਖਸ਼ਿਸ ਕਰਕੇ ਗਏ ਸਨ।

ਅੰਗਰੇਜ਼ ਦੀ ਗੁਲਾਮੀ ਵਿੱਚ ਗੁਰਦੁਆਰਿਆਂ ਤੇ ਕਾਬਜ ਪੁਜਾਰੀ ਜਿਥੇ ਸਿਆਸੀ ਤੌਰ ਤੇ ਸਰਕਾਰ ਦੀ ਸਰਪ੍ਰਸਤੀ ਮਾਣ ਰਹੇ ਸਨ ਉਥੇ ਹੀ ਧਾਰਮਿਕ ਤੇ ਸਮਾਜਿਕ ਤੌਰ ‘ਤੇ ਸਨਾਤਨੀ ਬਿਪਰ ਸੰਸਕਾਰਾਂ ਦੀ ਸਰਪ੍ਰਸਤੀ ਕਾਇਮ ਕਰੀ ਬੈਠੇ ਸਨ। ਇਸ ਦੌਰ ‘ਚ ਸਿਖੀ ਦੇ ਜੁਝਾਰੂ ਖਾਸੇ ਤੋਂ ਪ੍ਰਭਾਵਿਤ ਵੱਡੀ ਗਿਣਤੀ ਵਿਚ ਹਿੰਦੋਸਤਾਨੀ ਸਮਾਜ ਵਿਚ ਅਛੂਤ ਮੰਨੇ ਜਾਂਦੇ ਲੋਕ ਸਿੱਖੀ ਵਿਚ ਸ਼ਾਮਲ ਹੋਏ। ਗੁਰਦੁਆਰਿਆਂ ਤੇ ਕਾਬਜ ਪੁਜਾਰੀਆਂ ਦਾ ਇਨ੍ਹਾਂ ਪ੍ਰਤੀ ਨਜਰੀਆ ਛੂਆ ਛਾਤ ਵਾਲਾ ਹੀ ਸੀ। ਉਹ ਨਵੇਂ ਸੱਜੇ ਸਿੱਖਾਂ ਵੱਲੋਂ ਕਰਵਾਈ ਜਾਂਦੀ ਦੇਗ (ਕੜਾਹ ਪ੍ਰਸ਼ਾਦਿ) ਪ੍ਰਵਾਨ ਨਹੀਂ ਕਰਦੇ ਸਨ।

ਉਸ ਵੇਲੇ ਪੰਜਾਬ ਦੀ ਸਿੱਖ ਕਿਸਾਨੀ ਨੇ ਇਨ੍ਹਾਂ ਅਛੂਤ ਕਹੇ ਜਾਂਦੇ ਵੀਰਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਦਾ ਤਹੱਈਆ ਕੀਤਾ। ਇਸ ਲਹਿਰ ਦੇ ਬਹੁਗਿਣਤੀ ਆਗੂ ਤੇ ਵਰਕਰ ਗੈਰ ਦਲਿਤ ਹੁੰਦੇ ਹੋਏ ਵੀ ਪੁਜਾਰੀ ਨਾਲ ਟਕਰਾ ਗਏ ਤੇ ਗਰੀਬ ਸਿੱਖਾਂ ਨੂੰ ਪ੍ਰਬੰਧ ਵਿਚ ਸ਼ਾਮਲ ਕੀਤਾ।

ਜਥੇਦਾਰ ਕਰਤਾਰ ਸਿੰਘ ਝੱਬਰ ਤੇ ਜਥੇਦਾਰ ਚੂਹੜਕਾਣਾ ਦਾ ਯੋਗਦਾਨ ਨਾ ਭੁਲਾਇਆ ਜਾਣ ਵਾਲਾ ਹੈ , ਜਿਨਾਂ ਦਰਬਾਰ ਸਾਹਿਬ ਅੰਦਰ ਲਲਕਾਰ ਕੇ ਪੁਜਾਰੀਆਂ ਨੂੰ ਕਿਹਾ , “ਪੁਜਾਰੀ ਸਿੰਘੋ! ਤੁਸੀਂ ਦੱਸੋ ਇਹ ਹਰਿਮੰਦਰ ਸਾਹਿਬ ਤੁਹਾਡੇ ਕਿਸੇ ਪਿਉ ਜਾਂ ਦਾਦੇ ਪੜਦਾਦੇ ਜਾਂ ਮਾਮੇ, ਨਾਨੇ, ਫੁੱਫੜ ਨੇ ਬਣਾਇਆ ਹੈ ? ਕੀ ਤੁਹਾਡੀ ਇਹ ਬਾਪ ਦਾਦੇ ਦੀ ਮਲਕੀਅਤ ਹੈ? ਕੀ ਇਹ ਗੁਰੂ ਰਾਮਦਾਸ ਜੀ ਦਾ ਸਾਜਿਆ ਹੋਇਆ ਨਹੀਂ ਹੈ? ਜੇ ਕਰ ਤੁਹਾਡੇ ਵੱਡਿਆਂ ਨੇ ਬਣਵਾਇਆ ਹੋਵੇ ਤਾਂ ਜੋ ਮਰਜ਼ੀ ਕਰੋ ਅਤੇ ਜੇ ਕਰ ਇਹ ਦਰਬਾਰ ਸਾਹਿਬ ਗੁਰੂ ਕਾ ਹੈ ਤਾਂ ਇਸ ਦਾ ਮਾਲਕ ਪੰਥ ਹੈ ਅਤੇ ਤੁਸੀਂ ਝਾੜੂ ਬਰਦਾਰ ਹੋ।

ਦੂਜਾ ਕੀ ਤੁਸੀਂ ਦੱਸ ਸਕਦੇ ਹੋ ਕਿ ਗੁਰੂ ਬਾਣੀ ਵਿੱਚ, ਭਾਈ ਗੁਰਦਾਸ ਜੀ , ਭਾਈ ਨੰਦ ਲਾਲ ਜੀ, ਗੁਰੂ ਦੇ ਨਿਕਟਵਰਤੀ ਸਿੱਖਾਂ ਨੇ ਕਿਤੇ ਲਿਖਿਆ ਹੋਵੇ, ਜਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਇਹ ਲਿਖਿਆ ਹੋਵੇ ਕਿ ਜਦ ਖੱਤਰੀ, ਅਰੋੜੇ, ਰਾਮਗੜ੍ਹੀਏ ਆਦਿ ਆਉਣ ਤਾਂ ਦਰਬਾਰ ਸਾਹਿਬ ਪ੍ਰਸ਼ਾਦ ਚੜ੍ਹਾ ਸਕਦੇ ਹਨ ਅਤੇ ਅਮਕੀ ਜਾਤ ਦਾ ਪ੍ਰਸ਼ਾਦ ਦਰਬਾਰ ਸਾਹਿਬ ਪ੍ਰਵਾਨ ਨਹੀਂ ਹੋ ਸਕਦਾ।”

ਜਥੇਦਾਰ ਝੱਬਰ ਨੇ ਵੰਗਾਰ ਕੇ ਕਿਹਾ, ਸਾਧ ਸੰਗਤ ਦਾ ਹੁਕਮ ਮੰਨੋ ਅਤੇ ਜੇ ਕਰ ਤੁਸੀਂ ਪੰਥ ਦਾ ਹੁਕਮ ਨਹੀਂ ਮੰਨੋਗੇ ਤਾਂ ਤੁਹਾਨੂੰ ਅਸੀਂ ਹੁਣੇ ਧੱਕੇ ਮਾਰ ਕੇ ਬਾਹਰ ਕੱਢ ਦੇਵਾਂਗੇ ਅਤੇ ਗੁਰੂ ਕੇ ਝਾੜੂ ਬਰਦਾਰ ਅਸੀਂ ਹੋਰ ਮੁਕੱਰਰ ਕਰ ਦੇਵਾਂਗੇ।”
ਸਰੋਤ : (ਅਕਾਲੀ ਮੋਰਚੇ ਅਤੇ ਝੱਬਰ, ਨਰੈਣ ਸਿੰਘ ਐਮ. ਏ.)

ਇਸ ਮੋਰਚੇ ਦੇ ਚਸ਼ਮਦੀਦ ਗਵਾਹ ਨਿਰੰਜਣ ਸਿੰਘ ਲਿਖਦੇ ਨੇ ਦੀਵਾਨ ਸਜ ਗਿਆ , ਜਥੇਦਾਰ ਚੂਹੜਕਾਣਾ ਨੇ ਕਿਹਾ, “ਵੇਖੋ ਓ ਪੁਜਾਰੀਓ, ਅਸੀਂ ਜੱਟ ਹਾਂ। ਪਹਿਲੋਂ ਤਾਂ ਅਸੀਂ ਗਾਂ ਨੂੰ ਵੰਡ ਪਾਉਂਦੇ ਹਾਂ, ਵੜੇਵੇਂ ਪਾਉਂਦੇ ਹਾਂ, ਪ੍ਰੇਮ ਨਾਲ ਹੇਠਾਂ ਧਾਰ ਕੱਢਣ ਲਈ ਬੈਠਦੇ ਹਾਂ, ਪਰ ਜੇ ਗਾਂ ਦੁਲਤੀਆਂ ਮਾਰੇ ਤਾਂ ਭੀ ਅਸੀਂ ਉਸ ਨੂੰ ਛੱਡਦੇ ਨਹੀਂ, ਝਟ ਗੁੱਸੇ ਨਾਲ ਨੂੜਕੇ ਦੁੱਧ ਚੋਅ ਲੈਂਦੇ ਹਾਂ। ਤੁਸੀਂ ਵੀ ਵਿਚਾਰ ਕੇ ਫੈਸਲਾ ਕਰ ਲਓ ਕਿ ਵੰਡ ਨਾਲ ਦੇਣਾ ਹੈ ਜਾਂ ਰੱਸੇ ਨਾ ਹੋਣਾ ਤਾਂ ਓਹੋ ਕੁਛ ਹੈ ਜੋ ਅਸੀਂ ਚਾਹੁੰਦੇ ਹਾਂ।”
(ਸਰੋਤ : ਸੋਹਣ ਸਿੰਘ ਜੋਸ਼,ਅਕਾਲੀ ਮੋਰਚਿਆਂ ਦਾ ਇਤਿਹਾਸ)

ਅਸਲ ਵਿਚ ਸਿੱਖੀ ਵਿਚ ਦਲਿਤ-ਗੈਰ ਦਲਿਤ ਜਾਂ ਜਾਤ ਪਾਤ ਦੇ ਅਜਿਹੇ ਕੋਝੇ ਵਿਤਕਰਿਆ ਦਾ ਨਿਸ਼ੇਧ ਕੀਤਾ ਗਿਆ ਹੈ। ਪੋਸਟ ਦੇ ਉਪਰ ਸਿਰਲੇਖ ਨਵੇਂ ਮੁਹਾਵਰੇ ਅਨੁਸਾਰ ਗੱਲ ਨੂੰ ਸੌਖਿਆ ਸਮਝਣ ਲਈ ਦਿਤਾ ਹੈ। ਅਸੀਂ ਸਿੱਖੀ ਵਿਚ ਅਜਿਹੇ ਕਿਸੇ ਤਰਾਂ ਦੇ ਵਰਗੀਕਰਨ ਨੂੰ ਤਸਲੀਮ ਨਹੀਂ ਕਰਦੇ।

ਪੁਰਾਤਨ ਗ੍ਰੰਥਾਂ ਵਿਚ ਜਾਤ ਦਾ ਹੰਕਾਰ ਕਰਨ ਵਾਲੇ ਨੂੰ ਭੇਡ ਦਾ ਬੱਚਾ ਦੱਸਿਆ ਗਿਆ ਹੈ।

ਚੌਪਈ।।
ਨਾ ਹਮ ਚੂੜ੍ਹਾ ਨਾ ਘੁਮਿਆਰ।।
ਨਾ ਜੱਟ ਅਰ ਨਾਹੀ ਲੁਹਾਰ।।
ਨਾ ਤਰਖਾਣ ਨਾ ਹਮ ਖਤ੍ਰੀ।।
ਹਮ ਹੈਂ ਸਿੰਘ ਭੁਜੰਗਨ ਛਤ੍ਰੀ।।
ਜਾਤ ਗੋਤ ਸਿੰਘਨ ਕੀ ਦੰਗਾ (ਧਰਮ ਯੁੱਧ)।।
ਦੰਗਾ ਇਨ ਸਤਿਗੁਰ ਤੇ ਮੰਗਾ।।
ਖਾਲਸੋ ਹਮਰੋ ਬਡ ਧਰਮ।।
ਮਨ ਦੰਗੋ ਕਰਨੋ ਹਮਰੋ ਕਰਮ।।
ਮੂਰਖ ਜੋ ਗਰਬ ਜਾਤ ਕਾ ਕਰੈ।।
ਵਹਿ ਭੇਡੂ ਮੇ ਹੈਂ ਭੇਡਨ ਰਰੈ।।
ਜਾਤ ਅਰ ਪਾਤ ਗੁਰੂ ਹਮਰੋ ਮਿਟਾਈ।।
ਜਬ ਪਾਂਚ ਸਿੰਘ ਹਮ ਪਹੁਲ ਪਿਆਈ।।
ਸੀਧੇ ਦਾੜ੍ਹੇ ਹਮਰੋ ਕੂੰਡੇ ਮੂਛਹਿਰੇ।।
ਸਦਾ ਰਹੈਂ ਹਮ ਸ਼ਸਤ੍ਰਨ ਪਹਿਰੇ।।
ਹਮ ਗੀਦੋਂ ਗੁਰੂ ਸ਼ੇਰ ਬਨਾਇਓ।।
ਜੀਵਣੇ ਕੀ ਹੈ ਰਾਹੁ ਬਤਾਇਓ।।

Original at https://gursikhsatthmedia.wordpress.com/2020/10/11/deg-da-morcha/

No comments:

Post a Comment