ਇਤਿਹਾਸ ਦੀ ਪੈੜ ਵਿੱਚ ਰਾਮਗੜ੍ਹੀਏ ਸਰਦਾਰ
ਕਹਿੰਦੇ , ਕੇਰਾਂ ਲੱਖੀ ਜੰਗਲਾਂ 'ਚ ਪਲਿ਼ਆ ਬਾਜਾਂ ਵਾਲ਼ੀ ਸਰਕਾਰ ਦਾ ਕੁੰਡਲੀਦਾਰ ਬੀਰ ਖਾਲਸਾ ਤੇ ਅਫ਼ਗਾਨੀ ਪਠਾਣ ਸ਼ਮਸ਼ੀਰਾਂ ਸੂਤ ਕੇ ਆਹਮੋ- ਸਾਹਮਣੇ ਆ ਖਲੋਤੇ। ਅਫਗਾਨੀਆਂ ਹੁੱਬ ਕੇ ਆਖਿਆ, " ਸਿੰਘੋ ਕਿਉਂ ਮੌਤ ਨੂੰ ਮਾਸੀ ਆਂਹਦੇ ਓ...??? ਕਿਉਂ ਆਤਮ ਘਾਤ ਦਾ ਕਸੀਦਾ ਬੁਣਨ ਨੂੰ ਉਤਾਰੂ ਹੋਏ ਓ....??? ਅਸੀਂ ਆਪਣਾ ਇੱਕ ਗਿਲਜਾ ( ਸੱਤ ਫੁੱਟਾ ਪੈਰਾਂ ਤੋਂ ਸਿਰ ਤੱਕ ਲੋਹੇ ਨਾਲ਼ ਮੜਿਆ ਅਫ਼ਗ਼ਾਨ) ਭੇਜਦੇ ਆਂ , ਤੁਸੀਂ ਆਪਣੇ ਦੋ ਸਿੰਘ ਭੇਜੋ । ਹਾਰੀ ਹੋਈ ਧਿਰ ਸਿਰੋਂ ਦਸਤਾਰਾਂ ਲਾਹ ਹਥਿਆਰ ਸੁੱਟ ਦੇਵੇਗੀ ਤੇ ਤੁਸੀਂ ਬੇਆਈ ਮੌਤ ਤੋਂ ਬਚ ਜਾਓਗੇ।
ਰਾਮਗੜ੍ਹੀਏ ਅਤੇ ਸ਼ੁਕਰਚੱਕੀਏ ਸਿੰਘ ਸਰਦਾਰਾਂ ਨੇ ਮਸੈ਼ਰੀ ਤਾਅ ਦੇ ਹਰਖ਼ ਕੇ ਆਖਿਆ , "ਤੁਸੀਂ ਆਪਣੇ ਚਾਰ ਗਿਲਜੇ ਭੇਜੋ ਅਸੀਂ ਆਪਣਾ ਇੱਕ ਸਿੰਘ ਭੇਜਦੇ ਆਂ, ਸ਼ਰਤ ਮੰਨਜੂਰ ਏ। " ਸਿੰਘਾਂ ਦਾ ਮੋੜਵਾਂ ਜਵਾਬ ਸੁਣ ਕੇ ਅਫਗਾਨਾਂ ਨੂੰ ਡੁੱਬ ਕੇ ਮਰਨ ਨੂੰ ਥਾਂ ਨਾ ਲੱਭੇ। ਅਖੀਰ ਕੱਲੇ ਨੂੰ ਕੱਲਾ, ਤੇ ਆ ਕੇ ਗੱਲ ਮੁਕੀ। ਸਰਦਾਰ ਸੁੱਖਾ ਸਿੰਘ ਰਾਮਗੜ੍ਹੀਏ ਨੇ ਆਪਣੇ ਆਪ ਨੂੰ ਜਾ ਪੇਸ਼ ਕੀਤਾ , ਤੇ ਭਗੌਤੀ ਸੂਤ ਕੇ ਖ਼ਾਲਸੇ ਦਾ ਜੈਕਾਰਾ ਛੱਡ ਦਿੱਤਾ।
ਸੁੱਖਾ ਸਿੰਘ ਬੁੱਕਦਾ ਹੋਇਆ ਰਣਤੱਤੇ ਜਾ ਵੜਿਆ । ਘੰਟਿਆਂ ਬੱਧੀ ਲੋਹੇ ਨਾਲ਼ ਲੋਹਾ ਖਹਿੰਦਾ ਰਿਹਾ। ਦੋਹੇ ਸੂਰਮਿਆਂ ਦੀਆਂ ਤਲਵਾਰਾਂ ਟੁੱਟ ਕੇ ਨਕਾਰਾ ਹੋ ਗਈਆਂ। ਯੁੱਧ ਹੱਥੋ-ਹੱਥੀ ਜਾ ਪਹੁੰਚਿਆ। ਅਖੀਰ ਸੁੱਖਾ ਸਿੰਘ ਨੇ ਅਫਗਾਨੀ ਗਿਲਜੇ ਨੂੰ ਮਧਾਣੇ ਵਾਂਗੂੰ ਚੀਰ ਕੇ ਆਂਦਰਾਂ ਖਿਲਾਰ ਦਿੱਤੀਆਂ । ਰਣ ਖ਼ਾਲਸੇ ਦੇ ਹੱਥ ਆਇਆ । ਖੰਡੇ ਦੀ ਟਣਕਾਰ! ਕੱਲੇ ਨੂੰ ਕੱਲਾ ਆਵੇ ਅਫਗਾਨੀਆਂ ਵੰਗਾਰ ਸੀ ਪਾਈ।। ਸੁੱਖਾ ਸਿੰਘ ਰਾਮਗੜ੍ਹੀਏ ਨੇ ਸੀ ਰੱਖ ਵਿਖਾਈ ।।
ਤਸਵੀਰ ਸੁੱਖਾ ਸਿੰਘ ਰਾਮਗੜ੍ਹੀਏ ਅਤੇ ਅਫ਼ਗ਼ਾਨੀ ਗਿਲਜੇ ਦੇ ਦਵੰਦ ਯੁੱਧ ਦੀ।
ਗਾਥਾ ਦਾ ਸ੍ਰੋਤ:---- ਪ੍ਰਾਚੀਨ ਪੰਥ ਪ੍ਰਕਾਸ਼
ਲੇਖਕ:---ਰਤਨ ਸਿੰਘ ਭੰਗੂ
No comments:
Post a Comment