Sunday, October 2, 2022

ਤੀਰਥਾਂ ‘ਤੇ ਜਾਣਾ ਕਿਉਂ ?


 ਤੀਰਥਾਂ ‘ਤੇ ਜਾਣਾ ਕਿਉਂ ?

ਮਨ ਵਿੱਚ ਇਹ ਵਿਚਾਰ ਆਇਆ ਪਰ ਸਹੀ ਉੱਤਰ ਨਾ ਮਿਲਿਆ।

ਖ਼ੈਰ, ਹਰ ਸਾਲ ਦੀ ਤਰ੍ਹਾਂ ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦਾ ਪ੍ਰੋਗਰਾਮ ਬਣਿਆ ਤੇ ਅਸੀਂ ਯਾਤਰਾ ਲਈ ਤੁਰ ਪਏ। ਯਾਤਰਾ ਬੜੀ ਕਠਿਨ ਹੈ , ਪਰ ਬੜੀ ਮਨਮੋਹਕ ਵੀ ਹੈ। ਰਸਤੇ ਵਿੱਚ ਸੁੰਦਰ ਦ੍ਰਿਸ਼ , ਅਨੋਖੀ ਕੁਦਰਤ ਦੇ ਨਜ਼ਾਰੇ ਪਰਮਾਤਮਾ ਦੀ ਸਾਜੀ ਕਾਇਨਾਤ ਨਾਲ ਪਿਆਰ ਪਾਉਂਦੇ ਦਿਖਾਈ ਦਿੱਤੇ ।

ਵਾਹਿਗੁਰੂ ਦੀ ਬੇਅੰਤ ਰਚਨਾ ਅੱਗੇ ਸੀਸ ਝੁਕਦਾ ਹੈ , ਜਿਉਂ - ਜਿਉਂ ਸੱਚਖੰਡ ਵੱਲ ਨੂੰ ਕਦਮ ਵੱਧਦੇ ਗਏ , ਤਿਉਂ - ਤਿਉਂ ਵਾਹਿਗੁਰੂ ਦਾ ਨਾਮ ਚੇਤੇ ਆਉਣ ਲੱਗਾ। ਭਾਵੇਂ ਕਿ ਰਸਤੇ ਵਿੱਚ ਜਾਂਦਿਆਂ ਇਹ ਸਵਾਲ ਮਨ ਵਿੱਚ ਉੱਠਦਾ ਰਿਹਾ ਕਿ ਅਸੀਂ ਤੀਰਥਾਂ ਦੀ ਯਾਤਰਾ ਕਿਉਂ ਕਰਦੇ ਹਾਂ ? ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਸ਼੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨ ਦੀਦਾਰ ਹੋ ਗਏ ਤੇ ਤਨ ਮਨ ਹੇਮਕੁੰਟ ਦੇ ਬਰਫ਼ੀਲੇ ਪਾਣੀ ‘ਚ ਇਸ਼ਨਾਨ ਕਰਕੇ ਨਿਹਾਲ ਹੋ ਗਿਆ।

ਸਰੋਵਰ ਦੇ ਕੰਢੇ ਖਲੋਤੇ ਹੀ ਸੀ ਕਿ ਏਨੇ ਵਿੱਚ ਇੱਕ ਗੁਰਮੁੱਖ ਸੱਜਣ ਨਾਲ ਫ਼ਤਹਿ ਦੀ ਸਾਂਝ ਪਈ। ਮੈਥੋਂ ਰਿਹਾ ਨਾ ਗਿਆ ਤੇ ਮੈਂ ਉਸ ਗੁਰਮੁੱਖ ਸੱਜਣ ਨੂੰ ਉਹੀ ਪ੍ਰਸ਼ਨ ਪੁੱਛ ਲਿਆ ਕਿ ਉਹ ਤੀਰਥ ਯਾਤਰਾ ‘ਤੇ ਕਿਉਂ ਆਉੰਦੇ ਹਨ ?

ਉਮਰ ਵਿੱਚ ਵੀ ਉਹ ਮੇਰੇ ਨਾਲ਼ੋਂ ਵੱਡੇ ਲੱਗ ਰਹੇ ਸਨ । ਉਹਨਾਂ ਨੇ ਪ੍ਰੇਮ ਨਾਲ ਉੱਤਰ ਦਿੱਤਾ ਕਿ ਕਈ ਸਾਲ ਪਹਿਲਾਂ ਇਹ ਸਵਾਲ ਮੇਰੇ ਮਨ ਵਿੱਚ ਵੀ ਆਇਆ ਸੀ। ਬਸ ਫੇਰ ਕੀ ਸੀ ਮੈਂ ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ ਕਰ ਦਿੱਤੀ ਤੇ ਇਹ ਨਿਸ਼ਚਾ ਕੀਤਾ ਕਿ ਮੈਂ ਹਰ ਵਾਰ ਯਾਤਰਾ ‘ਤੇ ਆ ਕੇ ਆਪਣੇ ਅਵਗੁਣਾ ਦਾ ਤਿਆਗ ਕਰਿਆ ਕਰਾਂਗਾ। ਜਿਸ ਤੋਂ ਬਾਅਦ ਮੈਨੂੰ ਮਹਿਸੂਸ ਹੋਇਆ ਕਿ ਕੁੱਝ ਸਾਲਾਂ ਵਿੱਚ ਹੀ ਮੇਰੇ ਸਾਰੇ ਅਵਗੁਣ ਖ਼ਤਮ ਹੋ ਗਏ।

ਮੈੰ ਫੇਰ ਪੁੱਛਿਆ ਕਿ ਜੇ ਤੁਹਾਡੇ ਸਾਰੇ ਅਵਗੁਣ ਮੁੱਕ ਗਏ ਹਨ ਤਾਂ ਫੇਰ ਤੁਸੀਂ ਹੁਣ ਤੀਰਥ ਯਾਤਰਾ ‘ਤੇ ਕਿਉਂ ਆਉਂਦੇ ਹੋ ?

ਉਹਨਾਂ ਨੇ ਬੜੀ ਹੀ ਸਹਿਜਤਾ ਨਾਲ ਉੱਤਰ ਦਿੰਦਿਆਂ ਕਿਹਾ ਕਿ , ‘ਹੁਣ ਮੈੰ ਹਰ ਸਾਲ ਤੀਰਥ ਯਾਤਰਾ ‘ਤੇ ਵਾਹਿਗੁਰੂ ਪੂਰਨ ਪਰਮਾਤਮਾ ਤੋਂ ਗੁਣ ਲੈਣ ਆਉੰਦਾ ਹਾਂ ਤੇ ਹਰ ਵਾਰ ਝੋਲੀ ਭਰ ਕੇ ਹੀ ਵਾਪਿਸ ਮੁੜਦਾ ਹਾਂ। ਅਗਲੇ ਸਾਲ ਫੇਰ ਝੋਲੀ ਅੱਡ ਕੇ ਰਹਿਮਤਾਂ ਮੰਗਣ ਆਉਂਦਾ ਹਾਂ।’

ਮੈਨੂੰ ਉੱਤਰ ਮਿਲ ਗਿਆ, ਸੀਸ ਗੁਰੂ ਦੇ ਚਰਨਾਂ ‘ਚ ਧਰ ਦਿੱਤਾ। 🙏

ਫੋਟੋ-ਲੇਖ@ਰਣਜੋਧ🙏

No comments:

Post a Comment