Sunday, October 2, 2022

ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਪ੍ਰਣਾਮ



 ਭਾਈ_ਜਸਵੰਤ_ਸਿੰਘ_ਖਾਲੜਾ ਜੀ ਨੂੰ ਪ੍ਰਣਾਮ

ਟਾਈਟੈਨਿਕ ਡੁੱਬ ਰਿਹਾ ਸੀ..ਕੁਝ ਦੂਰ ਮੱਛੀਆਂ ਦਾ ਸ਼ਿਕਾਰ ਕਰਦੇ ਹੋਏ ਇੱਕ ਜਹਾਜ ਦੇ ਅਮਲੇ ਨੇ ਸਿਗਨਲ ਮਿਲਣ ਦੇ ਬਾਵਜੂਦ ਵੀ ਮੱਦਦ ਨਾ ਕੀਤੀ..ਅਖ਼ੇ ਕਿਧਰੇ ਮਦਤ ਕਰਦੇ ਫੜੇ ਹੀ ਨਾ ਜਾਈਏ..!
ਦੂਜਾ ਜਹਾਜ..ਓਥੋਂ ਚੌਦਾਂ ਮੀਲ ਦੂਰ..ਇਸਦਾ ਕੈਪਟਨ ਇਹ ਸੋਚ ਗੂੜੀ ਨੀਂਦਰ ਸੋਂ ਗਿਆ ਕੇ ਅੱਧੀ ਰਾਤ ਵੇਲੇ ਕਿਹੜਾ ਪੰਗੇ ਵਿਚ ਪਵੇ..ਸੁਵੇਰ ਹੋਊ ਤਾਂ ਦੇਖੀ ਜਾਊ!
ਤੀਜਾ ਜਹਾਜ ਤਕਰੀਬਨ ਛਪੰਜਾ ਮੀਲ ਦੀ ਦੂਰੀ ਤੋਂ ਰੇਡੀਓ ਸਿਗਨਲ ਸੁਣ ਬਚਾ ਲਈ ਪਹੁੰਚਿਆ..ਸੱਤ ਸੋ ਦੇ ਕਰੀਬ ਯਾਤਰੀ ਮੌਤ ਦੇ ਮੂੰਹ ਚੋਂ ਬਚਾ ਲਏ..!

ਕੈਪਟਨ ਨੇ ਦਸਿਆ ਕੇ ਬੁਰੇ ਬੁਰੇ ਖਿਆਲ ਤਾਂ ਮੇਰੇ ਮਨ ਵਿਚ ਵੀ ਆਏ ਸਨ ਪਰ ਕੋਈ ਅੰਦਰੂਨੀ ਤਾਕਤ ਮੈਨੂੰ ਹੱਲਾਸ਼ੇਰੀ ਦੀ ਰਹੀ ਸੀ ਕੇ ਅੱਗੇ ਵੱਧ..ਇਸ ਵੇਲੇ ਕਿਸੇ ਜਗ੍ਹਾ ਤੇ ਤੇਰੀ ਬੇਹੱਦ ਲੋੜ ਹੈ..!
ਅਪ੍ਰੈਲ ਉੱਨੀ ਸੌ ਪੰਚਨਵੇਂ..ਕਨੇਡਾ ਪਾਰਲੀਮੈਂਟ ਵਿਚ ਅਣਪਛਾਤੀਆਂ ਆਖ ਫੂਕ ਦਿੱਤੀਆਂ ਹਜਾਰਾਂ ਲਾਸ਼ਾਂ ਦੀ ਅਸਲੀਅਤ ਬਿਆਨ ਕਰ ਰਿਹਾ ਸੀ ਤਾਂ ਕਈ ਗੋਰੇ ਐਮ.ਪੀ ਕੰਬ ਉਠੇ..ਅਖ਼ੇ ਜੇ ਇਹ ਵਾਪਿਸ ਗਿਆ ਤਾਂ ਮੁਕਾ ਦਿੱਤਾ ਜਾਵੇਗਾ..ਇਸਨੂੰ ਆਖੋ ਇਥੇ ਰੁਕ ਜਾਵੇ..ਸਣੇ ਪਰਿਵਾਰ ਪੱਕੀ ਨਾਗਰਿਕਤਾ ਦਵਾ ਦਿੰਦੇ ਹਾਂ..!
ਅਗਲੇ ਦਿਨ ਵਾਪਸੀ ਸੀ..
ਦੋਸਤ ਮਿੱਤਰ ਯਾਰ ਬੇਲੀ ਸਾਰੀ ਰਾਤ ਸਮਝਾਉਂਦੇ ਰਹੇ..ਤੇਰੀ ਮੌਤ ਦਾ ਪ੍ਰਵਾਨਾ ਲਿਖਿਆ ਜਾ ਚੁਕਾ ਏ..ਵਾਪਿਸ ਨਾ ਜਾ..ਪਰ ਆਖਣ ਲੱਗਾ ਓਹਨਾ ਮਜਲੂਮ ਪਰਿਵਾਰਾਂ ਦਾ ਕੀ ਬਣੂੰ ਜਿਹੜੇ ਮੇਰੀ ਤੱਸਲੀ ਤੇ ਇਸ ਮੁਹਿੰਮ ਵਿਚ ਮੇਰੇ ਨਾਲ ਤੁਰੇ ਸਨ..ਹੁਣ ਜੋ ਹੁੰਦਾ ਵੇਖੀ ਜਾਊ!
ਛੇ ਸਤੰਬਰ 95 ਦੀ ਸੁਵੇਰ ਕੋਈ ਪੌਣੇ ਕੂ ਨੌ ਵਜੇ ਕਬੀਰ ਪਾਰਕ ਵਾਲੀ ਰਿਹਾਇਸ਼ ਵਿਚ ਅਚਾਨਕ ਯੂਨੀਵਰਸਿਟੀ ਦੀ ਨੌਕਰੀ ਨੂੰ ਤੁਰੀ ਜਾਂਦੀ ਪਤਨੀ ਬੀਬੀ ਪਰਮਜੀਤ ਕੌਰ ਕੋਲ ਜਾ ਕੇ ਪੁੱਛਣ ਲੱਗੇ "ਬੱਚੇ ਪੜਾ ਲਵੇਂਗੀ ਕੱਲੀ"?
ਬੀਬੀ ਜੀ ਹੈਰਾਨ ਹੋ ਆਖਣ ਲੱਗੀ ਕੇ ਅੱਗੇ ਵੀ ਤਾਂ ਗੁਰੂ ਆਸਰੇ ਹੀ ਪੜਦੇ ਨੇ..ਪਰ ਅੱਜ ਇੰਝ ਦੀਆਂ ਗੱਲਾਂ ਕਿਓਂ!
ਕੌਂਮ ਦਾ ਪੁੱਤ ਆਪਣਾ ਅੰਜਾਮ ਚੰਗੀ ਤਰਾਂ ਜਾਣਦਾ ਸੀ..ਹਰ ਨਤੀਜਾ ਭੁਗਤਣ ਲਈ ਵੀ ਤਿਆਰ ਭਰ ਤਿਆਰ ਸੀ..ਉਹ ਵੀ ਉਸ ਵੇਲੇ ਜਦੋਂ ਸਿਸਟਮ ਦੀ ਮਰਜੀ ਬਗੈਰ ਪੱਤਾ ਵੀ ਨਹੀਂ ਸੀ ਹਿੱਲ ਸਕਦਾ..!
ਬੇਟੀ ਦੱਸਦੀ ਏ ਕੇ ਜਦੋਂ ਪਤਾ ਲੱਗ ਗਿਆ ਕੇ ਖਾਲੜਾ ਸਾਬ ਮੁਕਾ ਦਿੱਤੇ ਗਏ ਨੇ ਤਾਂ ਕਈ ਰਿਸ਼ਤੇਦਾਰੀਆਂ ਮੂੰਹ ਮੋੜ ਗਈਆਂ..ਦੋਸਤ ਮਿੱਤਰ ਮਿਲਣੋਂ ਹਟ ਗਏ..ਕਈ ਗਵਾਹ ਸੋਨੇ ਚਾਂਦੀ ਨੋਟਾਂ ਦੀ ਤੱਕੜੀ ਵਿਚ ਤੁੱਲ ਕੇ ਮੁੱਕਰ ਗਏ..ਧਮਕੀ ਭਰੇ ਫੋਨ ਅਕਸਰ ਆ ਜਾਇਆ ਕਰਦੇ..ਪੈਰਵੀ ਨਾ ਕਰੋ..ਮੂੰਹ ਮੰਗੇ ਪੈਸੇ ਦੇ ਦਿੰਨੇ ਹਾਂ..ਪਰ ਪਰਿਵਾਰ ਨਿਸ਼ਾਨੇ ਤੋਂ ਨਾ ਥਿੜਕਿਆ..!
ਫੇਰ ਸੰਨ ਸਤਾਨਵੇਂ ਵਿਚ ਪੰਥਕ ਸਰਕਾਰ ਬਣੀ..ਵੱਡੇ ਬਾਦਲ ਦੇ ਬੂਹੇ ਤੇ ਜਾ ਦਸਤਕ ਦਿੱਤੀ..ਓਹੀ ਵੱਡਾ ਬਾਦਲ ਜਿਹੜਾ ਅਕਸਰ ਹੀ ਆਖਿਆ ਕਰਦਾ ਸੀ ਕੇ ਬੀਬੀ ਸਾਡੀ ਸਰਕਾਰ ਆ ਲੈਣ ਦਿਓ ਸਾਰੇ ਕਾਤਲ ਫਾਂਸੀਆਂ ਤੇ ਟੰਗਾਂਗੇ..!
ਪਰ ਰਾਜ ਤਿਲਕ ਦੀ ਖੁਮਾਰੀ ਵਿਚ ਅੰਨਾ ਹੋਇਆ ਧ੍ਰਿਤਰਾਸ਼ਟਰ..ਜੁਆਬ ਬੜਾ ਅਜੀਬ ਅਤੇ ਸ਼ਰਮਨਾਕ ਸੀ.."ਬੀਬੀ ਹੁਣ ਛੱਡੋ ਖਹਿੜਾ ਤਫਤੀਸ਼ ਦਾ..ਜਾਣ ਵਾਲਾ ਚਲਾ ਗਿਆ..ਮਨਿਸਟਰੀ ਲੈ ਲਵੋ..ਕਿਸੇ ਚੇਅਰਮੈਨੀ ਤੇ ਉਂਗਲ ਰੱਖੋ..ਮਿਲ ਜਾਵੇਗੀ..ਆਖੋ ਤਾਂ ਬੱਚੇ ਵੀ ਬਾਹਰ ਸੈਟਲ ਕਰਵਾ ਦਿੰਨੇ ਆ"!
ਬੀਬੀ ਖਾਲੜਾ ਆਖਦੇ ਨੇ ਕੇ ਇਸ ਸਾਰੇ ਸੰਘਰਸ਼ ਦੀ ਪ੍ਰਾਪਤੀ ਇਹ ਹੈ ਕੇ ਖਾਲੜਾ ਸਾਬ ਨੂੰ ਕੋਲ ਖਲੋ ਕੇ ਸ਼ਹੀਦ ਕਰਨ ਵਾਲਾ ਕੇਪੀ ਗਿੱਲ ਜਦੋਂ ਮਰਿਆ ਤਾਂ ਕਿਸੇ ਗੁਰੂਦੁਆਰੇ ਨੇ ਉਸਦੇ ਅਖੰਡ ਪਾਠ ਲਈ ਹਾਮੀ ਨਾ ਭਰੀ ਅਤੇ ਨਾ ਕੋਈ ਗ੍ਰੰਥੀ ਸਿੰਘ ਉਸਦੀ ਅੰਤਿਮ ਅਰਦਾਸ ਲਈ ਹੀ ਰਾਜੀ ਹੋਇਆ..ਏਦੂ ਵੱਡੀ ਸਜਾ ਹੋਰ ਕੀ ਹੋ ਸਕਦੀ ਏ!
ਜੰਗਲ ਨੂੰ ਅੱਗ ਲੱਗ ਗਈ..ਨੱਸੇ ਜਾਂਦੇ ਜਾਨਵਰਾਂ ਦੇਖਿਆ ਇੱਕ ਚਿੜੀ ਚੁੰਝ ਵਿਚ ਪਾਣੀ ਭਰ ਲਪਟਾਂ ਉੱਤੇ ਸੁੱਟ ਰਹੀ ਸੀ..ਟਿੱਚਰ ਕਰਦੇ ਆਖਣ ਲੱਗੇ ਤੇਰੇ ਚੁੰਝ ਭਰ ਪਾਣੀ ਨਾਲ ਕਿਹੜਾ ਕੋਈ ਫਰਕ ਪੈ ਜੂ"
ਅੱਗੋਂ ਆਖਣ ਲੱਗੀ ਕੇ ਭਰਾਵੋ ਫਰਕ ਭਾਵੇਂ ਨਾ ਪਵੇਂ ਪਰ ਜਦੋਂ ਕਦੀ ਵੀ ਇਸ ਜੰਗਲ ਦਾ ਇਤਿਹਾਸ ਲਿਖਿਆ ਜਾਊ ਤਾਂ ਮੇਰਾ ਨਾਮ ਭੱਜਣ ਵਾਲਿਆਂ ਵਿਚ ਨਹੀਂ ਸਗੋਂ ਅੱਗ ਬੁਝਾਉਣ ਵਾਲਿਆਂ ਵਿਚ ਦਰਜ ਹੋਊ!
ਸੂਬਾ ਸਰਹਿੰਦ ਨੇ ਨਿੱਕੇ ਸਾਹਿਬਜਾਦੇ ਜਿਉਂਦੇ ਨੀਹਾਂ ਵਿਚ ਚਿਣਨ ਤੋਂ ਇਕ ਦਿਨ ਪਹਿਲੋਂ ਸਾਰੇ ਸਰਹਿੰਦ ਵਿਚ ਮੁਨਿਆਦੀ ਕਰਵਾ ਦਿੱਤੀ ਕੇ ਕੱਲ ਸ਼ਾਹੀ ਦਰਬਾਰ ਵਿਚ ਇੱਕ ਤਮਾਸ਼ਾ ਹੋਣ ਜਾ ਰਿਹਾ..ਸਾਰਿਆਂ ਨੂੰ ਖੁੱਲ੍ਹਾ ਸੱਦਾ ਏ..!
ਇੱਕ ਫਕੀਰ ਮੁਨਿਆਦੀ ਕਰਨ ਵਾਲ਼ੇ ਨੂੰ ਆਖਣ ਲੱਗਾ ਕੇ ਮੇਰਾ ਇੱਕ ਸੁਨੇਹਾ ਸੂਬੇ ਤੱਕ ਪੁਚਾ ਦੇਵੀਂ..ਕੇ ਕੱਲ ਵਾਲੇ ਤਮਾਸ਼ੇ ਤੋਂ ਮਗਰੋਂ ਇੱਕ ਤਮਾਸ਼ਾ ਹੋਰ ਲੱਗੂ..ਉਹ ਏਨਾ ਅਚਨਚੇਤ ਹੋਊ ਕੇ ਤੇਰੀਆਂ ਬੇਗਮਾਂ ਨੂੰ ਨਾਲੇ ਬੰਨ੍ਹਣ ਦਾ ਅਤੇ ਤੈਨੂੰ ਪੈਰੀ ਜੁੱਤੀ ਪਾਉਣ ਤੱਕ ਦਾ ਟਾਈਮ ਨਹੀਂ ਮਿਲਣਾ..!
ਫੇਰ ਚਾਪੜ-ਚਿੜੀ ਦੇ ਮੈਦਾਨ ਵਿਚ ਜੋ ਕੁਝ ਹੋਇਆ ਉਹ ਉਸ ਅਚਨਚੇਤ ਤਮਾਸ਼ੇ ਤੋਂ ਘੱਟ ਨਹੀਂ ਸੀ ਜਿਸ ਦੀ ਪੇਸ਼ੀਨਗੋਈ ਉਸ ਫਕੀਰ ਨੇ ਕੀਤੀ ਸੀ..!
ਅੱਜ ਵੀ ਦੂਜੇ ਅਚਨਚੇਤ ਤਮਾਸ਼ੇ ਦੀ ਮਾਰ ਹੇਠ ਆਏ ਕਿੰਨੇ ਸਾਰੇ ਸੂਬੇ ਸਰਹੰਦ ਇਸ ਧਰਤੀ ਤੇ ਨਰਕ ਦੀ ਜਿੰਦਗੀ ਭੋਗ ਰਹੇ ਹਨ..ਅਤੇ ਸਤਾਈ ਸਾਲ ਪਹਿਲੋਂ ਅਧਮੋਇਆ ਕਰ ਦਰਿਆ ਵਿਚ ਰੋੜ ਦਿੱਤਾ ਗਿਆ ਭਾਈ ਖਾਲੜਾ ਧਰੂ ਤਾਰੇ ਵਾਂਙ ਅੰਬਰ ਦੀ ਹਿੱਕ ਤੇ ਚਮਕ ਰਿਹਾ ਏ!
ਸੁਖਦੇਵ ਸਿੰਘ ਫਗਵਾੜਾ

No comments:

Post a Comment