Sunday, October 2, 2022

ਅਸੀਂ ਜੱਟ ਹੁੰਨੇਂ ਆਂ

ਅਸੀਂ ਜੱਟ ਹੁੰਨੇਂ ਆਂ

  ਮੈਂ ਕਦੇ ਕਦੇ ਨਹੀਂ ਬਲਕਿ ਅਕਸਰ ਹੀ ਇਹ ਸੋਚਦਾ ਹਾਂ ਅਸੀਂ ਕਹਿੰਦੇ ਹਾਂ ਕਿ ਅਸੀਂ ਜੱਟ ਬੜੇ ਘੈਂਟ ਹੁੰਦੇ ਆਂ, ਬੜੀ ਦਲੇਰ ਕੌਮ ਹਾਂ, ਫੱਟੇ ਚੱਕ ਹਾਂ।ਜਦ ਥੋੜਾ ਰੁਕ ਕੇ, ਥੋੜੇ ਠਰੰਮੇਂ ਨਾਲ ਸੋਚਦਾ ਹਾਂ ਕਿ ਅਸੀਂ ਜੱਟ ਤਾਂ ਹਾਂ ਹੀ,ਕੀ ਇੱਕ ਸੱਚੇ ਗੁਰੂ ਦੇ ਸਿੱਖ ਵੀ ਹਾਂ ਕਿ ?

ਪੁਰਾਣੇਂ ਸਮੇਂ ਤੋਂ ਲੈਕੇ ਜਦ ਪਿੰਡਾਂ ਵਿੱਚ ਰਾਗੀ,ਢਾਡੀ ਅਕਸਰ ਸਟੇਜਾਂ ਤੇ ਗੁਰੂਆਂ ਦੇ ਸਮੇਂ ਗੁਰੂਆਂ ਦੇ ਸੰਗ ਸਾਥ ਦਾ ਵਿਖਿਆਨ ਸੁਣਦੇ ਸੀ ਤਾਂ ਜਿੱਥੋਂ ਤੱਕ ਮੈਨੂੰ ਯਾਦ ਹੈ ਕਦੇ ਭੀ ਜੱਟਾਂ ਦਾ ਜ਼ਿਕਰ ਗੁਰੂਆਂ ਦੇ ਅੰਗ ਸੰਗ ਰਹਿਣ ਵਾਲੇ ਜਾਂ ਗੁਰੂਆਂ ਦੇ ਸੇਵਾਦਾਰਾਂ ਜਾਂ ਗੁਰੂ ਸਾਹਿਬਾਨਾਂ ਲਈ ਜੀਵਨ ਦਾਨ ਦੇਣ ਵਾਲੇ ਸਿੱਖਾਂ ਦੀ ਸੂਚੀ ਵਿੱਚ ਜੱਟਾਂ ਦਾ ਜ਼ਿਕਰ ਸ਼ਾਇਦ ਹੀ ਕਦੇ ਸੁਣਿਆਂ ਹੋਵੇ।ਇਸ ਦੇ ਬਾਵਯੂਦ ਸਿੱਖੀ ਸੰਸਥਾਵਾਂ ਕੀ,ਸਿੱਖੀ ਦੇ ਠੇਕੇਦਾਰ ਸਿਰਫ ਜੱਟ ਹੀ ਕਿਓਂ ਕਹਾ ਰਹੇ ਹਨ?

ਗੁਰੂ ਨਾਨਕ ਸਾਹਿਬ ਜੀ ਦੇ ਸਾਥੀ ਮਰਦਾਨਾਂ ਅਤੇ ਬਾਲਾ ਜਿੰਨਾਂ ਚੋਂ ਕੋਈ ਭੀ ਜੱਟ ਨਹੀਂ ਸੀ, ਤੋਂ ਲੈਕੇ ਗੁਰੂ ਤੇਗ਼ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿੰਨੇਂ ਭੀ ਗੁਰੂ ਸਾਹਿਬਾਨਾਂ ਦੀਆਂ ਸਾਖੀਆਂ ਸਿੱਖ ਪ੍ਰਚਾਰਕਾਂ ਤੋਂ, ਢਾਡੀਆਂ ਤੋਂ ਸੁਣਦੇ ਆ ਰਹੇ ਹਾਂ, ਉਨਾਂ ਚ ਗੁਰੂ ਤੇਗ਼ ਬਹਾਦਰ ਜੀ ਦੇ ਸੀਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਚ ਭੇਟ ਕਰਨ ਵਾਲਾ ਉਹ ਭੀ ਐਸੇ ਭਿਆਨਕ ਦੌਰ ਚ ਆਪਣੀਂ ਅਤੇ ਆਪਣੇਂ ਪ੍ਰੀਵਾਰ ਦੀ ਜਾਨ ਨੂੰ ਜੋਖਮ ਚ ਪਾਉਣ ਵਾਲਾ ਅਤੇ ਗੁਰੂ ਤੇਗ ਬਹਾਦਰ ਜੀ ਦੇ ਧੜ ਦਾ ਸੰਸਕਾਰ ਆਪਣੇਂ ਘਰ ਨੂੰ ਅੱਗ ਦੀ ਭੇਟ ਕਰਨ ਵਾਲਾ ਭੀ ਜੱਟ ਉਨਾਂ ਸਾਖੀਆਂ ਚ ਕਿਧਰੇ ਨਜ਼ਰ ਨਹੀਂ ਆਉਂਦਾ।ਪਤਾ ਨਹੀਂ ਉਦੋਂ ਜੱਟ ਕੌਮ ਹੁੰਦੀ ਨਹੀਂ ਸੀ ਜਾਂ ਪਹਿਲਾਂ ਤੋਂ ਹੀ ਜੱਟ ਕੌਮ ਅੱਜ ਦੀ ਤਰ੍ਹਾਂ ਦੂਜਿਆਂ ਤੋਂ ਆਪਣੇਂ ਆਪ ਤੋਂ ਵੱਖਰਾ ਜਾਂ ਉੱਚਾ ਸਮਝਦੀ ਰਹੀ ਹੈ? ਗੁਰੂ ਗੋਬਿੰਦ ਸਿੰਘ ਦੁਆਰਾ ਖਾਲਸਾ ਪੰਥ ਦੀ ਨੀਂਹ ਰੱਖਦੇ ਸਮੇਂ ਅੰਮ੍ਰਤ ਸੰਚਾਰ ਕਰਨ ਵੇਲੇ ਭੀ ਪੰਜ ਪਿਆਰਿਆਂ ਚ ਪੰਜਾਬ ਏਰੀਏ ਤਾਂ ਕੀ ਕੋਈ ਪੰਜਾਬ ਏਰੀਏ ਦੇ ਨੇੜੇ ਤੇੜੇ ਕੋਈ ਮਾਈ ਦਾ ਲਾਲ ਜੱਟ ਨਹੀਂ ਸੀ। ਸੈਂਕੜੇ ਮੀਲਾਂ ਤੋਂ ਪਹੁੰਚੇ ਕੋਈ ਖੱਤਰੀ ਕੋਈ ਦਰਜ਼ੀ,ਕੋਈ ਨਾਈ, ਕੋਈ ਝੀਓਰ ਵਗੈਰਾ ਹੀ ਬਲੀਦਾਨ ਲਈ ਅੱਗੇ ਆਏ ਸਨ। ਜੇਕਰ ਉਦੋਂ ਬਾਕੀ ਹੋਰ ਵੱਖੋ ਵੱਖਰੇ ਕਿੱਤੇ ਕਰਨ ਵਾਲੇ ਲੋਕ ਸਨ ਤਾਂ ਜੱਟ ਨਾਂਮ ਦੀ ਸ਼ੈਅ ਪਤਾ ਨਹੀਂ ਉਦੋਂ ਹੁੰਦੀ ਨਹੀਂ ਸੀ? ਪਰ ਜਦ ਸਿੱਖੀ ਲਈ ਸਭ ਕੁਝ ਕੀਤਾ ਕਰਾਇਆ ਬਾਕੀ ਕੌਮਾਂ ਨੇਂ, ਤੇ ਜੱਟ ਹਮੇਸ਼ਾ ਜਿਸ ਦੀ ਗੁਰੂ ਸਹਿਬਾਨਾਂ ਸਮੇਂ ਤੋਂ ਹੀ ਸਿੱਖੀ ਚ ਕੋਈ ਦੇਣ ਹੀ ਨਹੀਂ ਅਤੇ ਜੱਟ ਉਨਾਂ ਸਭ ਨੂੰ ਜਿੰਨਾਂ ਆਪਣਾ ਅਤੇ ਆਪਣੇਂ ਪ੍ਰੀਵਾਰਾਂ ਦਾ ਭੀ ਖਿਆਲ ਕੀਤੇ ਬਗੈਰ ਤਸੀਹੇ ਸਹੇ ਤੇ ਜਿੰਨਾਂ ਨੂੰ ਹੁਣ ਤੱਕ ਉਨਾਂ ਗੁਰੂ ਦੇ ਸਿੱਖਾਂ ਨੂੰ ਟੁੱਕ ਤੇ ਡੇਲਾ ਹੀ ਸਮਝਦਾ ਰਿਹੈ।ਕੋਈ ਗ੍ਰੰਥੀ ਸਿੰਘ ਬਣਨਾਂ, ਕੋਈ ਰਾਗੀ ਢਾਡੀ ਬਣਨਾਂ,ਕੋਈ ਵਧੀਆ ਸਿੱਖ ਪ੍ਰਚਾਰਕ ਬਣਨਾਂ ਇਹ ਜੱਟਾਂ ਦਾ ਕੰਮ ਥੋੜੈ, ਅਨਪੜ੍ਹ ਅੰਗੂਠਾ ਛਾਪ ਜਾਂ ਪੰਜ ਚਾਰ ਪੜੇ ਜੱਟ ਜੱਖੇਦਾਰਾਂ ਦਾ ਕੰਮ ਤਾਂ ਪੜ੍ਹੇ ਲਿਖੇ ਗੁਣਾਂ ਗਿਆਨੀਂ ਸਿੱਖ ਪ੍ਰਚਾਰਕਾਂ ਤੇ ਰੋਅਬ ਝਾੜਨਾਂ ਜਾਂ ਉਹਨਾਂ ਦੀਆਂ ਜਾਤਾਂ ਪਾਤਾਂ ਦਾ ਨਾਮ ਲੈਕੇ ਉਹਨਾਂ ਦੀ ਹੱਤਕ ਕਰਨਾਂ ਤੇ ਆਪਣੇਂ ਆਪ ਨੂੰ ਉੱਚਾ ਦਿਖਾਉਣਾਂ ਹੀ ਤਾਂ ਸਾਡਾ ਜੱਟਪੁਣਾਂ ਹੈ।

ਇੰਨਾਂ ਦਿਨਾਂ ਚ ਗੁਰੂ ਤੇਗ਼ ਬਹਾਦਰ ਜੀ ਗੁਰੂ ਲਾਧੋ ਰੇ ਦਾ ਹੋਕਾ ਦੇਣ ਵਾਲੇ ਬਾਬਾ ਮੱਖਣ ਸ਼ਾਹ ਲੁਬਾਣਾਂ ਦਾ ਜਨਮ ਦਿਨ ਮਨਾ ਰਹੇ ਹਨ। ਅਫ਼ਸੋਸ ਇਹ ਹੁੰਦਾ ਹੈ ਕਿ ਜੱਟਾਂ ਦੇ ਮਨਾਂ ਚ ਇਹ ਗੱਲ ਘਰ ਕੀਤੀ ਹੋਈ ਹੈ ਕਿ ਮੱਖਣ ਸ਼ਾਹ ਲੁਬਾਣਾਂ ਦੇ ਦਿਨ ਲੁਬਾਣਾ ਬਰਾਦਰੀ ਹੀ ਮਨਾਵੇ ਨਾਂ ਮਨਾਵੇ,ਜੱਟ ਜਿਨਾਂ ਚ ਮੈਂ ਭੀ ਸ਼ਾਮਲ ਹਾਂ ਆਪਣਾਂ ਢੋਲ ਵੱਖਰਾ ਵਜਾਉਣਗੇ।ਪਰ ਜੇਕਰ ਸੋਚਿਆ ਜਾਵੇ ਕਿ ਜੇਕਰ ਮੱਖਣ ਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਪਹਿਚਾਣ ਨਾਂ ਕੀਤੀ ਹੁੰਦੀ ਤੇ ਆਪੋ ਆਪਣੀਆਂ ਗੁਰੂ ਡੰਮ ਵਾਲੀਆਂ ਮੰਜੀਆਂ ਸਜਾ ਕੇ ਬੈਠੇ ਪਖੰਡੀਆਂ ਦੇ ਹੁੰਦੇ ਹੋਏ ਭੀ ਬੇਖੌਫ ਹੋ ਕੇ ਡੰਕੇ ਦੀ ਚੋਟ ਤੇ ਐਲਾਨ ਕਰ ਦਿੱਤਾ ਕਿ ਅਸਲ ਗੁਰੂ ਮਿਲ ਗਿਆ ਹੈ।ਪਰ ਜੱਟ ਇਸ ਤੇ ਭੀ ਕਾਬਜ਼ ਹਨ ਕਿ ਸਾਡਾ ਹੀ ਗੁਰੂ ਤੇਗ਼ ਬਹਾਦਰ ਹੈ।ਜਦ ਗੁਰੂ ਤੇਗ਼ ਬਹਾਦਰ ਸਾਹਿਬ ਗੁਰੂ ਕੀ ਨਗਰੀ ਅੰਮ੍ਰਤਸਰ ਹਰੀਮੰਦਰ ਸਾਹਿਬ ਪਹੁੰਚੇ ਤਾਂ ਹਰੀਮੰਦਰ ਪਰ ਕਾਬਜ਼ ਗਲਤ ਲੋਕਾਂ ਨੇ ਸ਼ਾਇਦ ਮੱਥਾ ਭੀ ਗੁਰੂ ਤੇਗ਼ ਬਹਾਦਰ ਜੀ ਨੂੰ ਟੇਕਣ ਨਹੀਂ ਦਿੱਤਾ ਅਤੇ ਉਹ ਜਗ੍ਹਾ ਜਿਸ ਨੂੰ ਖੜਾ ਸਾਹਿਬ ਕਹਿੰਦੇ ਹਨ ਉੱਥੇ ਬੈਠ ਕੇ ਅਖੀਰ ਉੱਥੋਂ ਵਾਪਸ ਆ ਗਏ, ਕਿਸੇ ਭੀ ਮਝੈਲ ਜੱਟਾਂ ਦੀ ਹਿੰਮਤ ਨਹੀਂ ਪਈ ਕਿ ਉਹ ਗੁਰੂ ਕੀ ਨਗਰੀ ਛੱਡ ਕੇ ਗੁਰੂ ਸਾਹਿਬ ਜਾ ਰਹੇ ਹਨ ਉਨਾਂ ਨੂੰ ਰੋਕ ਲਿਆ ਜਾਵੇ। ਵੱਲ੍ਹੇ ਪਿੰਡ ਦੋ ਹਫ਼ਤੇ ਗੁਜ਼ਾਰੇ ਉੱਥੇ ਮਝੈਲ ਬੀਬੀਆਂ ਪਹੁੰਚੀਆਂ ਅਤੇ ਗੁਰੂ ਤੇਗ਼ ਬਹਾਦਰ ਜੀ ਦੀ ਸੇਵਾ ਕੀਤੀ ਤਾਂ ਉੱਥੇ ਹੀ ਬੀਬੀਆਂ ਨੂੰ “”ਮਾਈਆਂ ਰੱਬ ਰਜਾਈਆਂ”ਦਾ ਖ਼ਿਤਾਬ ਦਿੱਤਾ ।ਇਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਦਾਵਾ ਦੇਣ ਵਾਲੇ ਬਹੁਤੇ ਜੱਟ ਹੀ ਸਨ ਅਤੇ ਉਨਾਂ ਬੇਦਾਵਾ ਦੇਣ ਵਾਲੇ ਜੱਟ ਸਿੱਖਾਂ ਨੂੰ ਇਹ ਕਹਿਣ ਵਾਲੀਆਂ ਜੱਟ ਬੀਬੀਆਂ ਸਨ ਜਿੰਨਾਂ ਆਪਣੇਂ ਗੁਰੂ ਤੋਂ ਭਗੌੜੇ ਹੋ ਕੇ ਆਏ ਪਤੀਆਂ ਨੂੰ ਕਿਹਾ ਸੀ ਕਿ ਤੁਸੀਂ ਸਾਂਭੋ ਨਿਆਣੇਂ ਤੇ ਅਸੀਂ ਚੱਲੀਆਂ ਗੁਰੂ ਦੀ ਦੀ ਫੌਜ ਚ ਭਰਤੀ ਹੋਣ।

ਗੁਰੂ ਗੋਬਿੰਦ ਸਿੰਘ ਜੀ ਜਦ ਲੜਾਈ ਲੜ੍ਹਦੇ ਲੜ੍ਹਦੇ ਕੋਟਕਪੂਰੇ ਪਹੁੰਚੇ ਅਤੇ ਕੋਟਕਪੂਰੇ ਦੇ ਚੌਧਰੀ ਬਰਾੜ ਨੂੰ ਆਪਣੀਂ ਹਵੇਲੀ ਦੇਣ ਲਈ ਕਿਹਾ ਤਾਂ ਕਿ ਆ ਰਹੀ ਮੁਗਲ ਫੌਜ ਦਾ ਟਾਕਰਾ ਕੀਤਾ ਦਾ ਸਕੇ ਤਾਂ ਕੋਟਕਪੂਰੇ ਦਾ ਚੌਧਰੀ ਬਰਾੜ ਜੱਟ ਗੁਰੂ ਸਾਹਿਬ ਨੂੰ ਕੁਝ ਅਜੇਹੇ ਲਹਿਜੇ ਚ ਬੋਲਿਆ ਜਿਸ ਦਾ ਮਤਲਬ ਸੀ ਕਿ ਆਪ ਤਾਂ ਆਪਣਾਂ ਸਭ ਕੁਝ ਉਜਾੜੀ ਬੈਠਾ ਹੈਂ ਹੁਣ ਮੇਰਾ ਉਜਾੜਨਾਂ ?

ਪਰ ਕਮਾਲ ਹੈ ਸਾਡੀ ਜੱਟਾਂ ਦੀ ਭੀ ਕਿ ਕਬਜ਼ੇ ਕਰਨੇ ਹੋਣ, ਕਬਜ਼ੇ ਲੈਣੇਂ ਹੋਣ ਤਾਂ ਸਾਨੂੰ ਜੱਟਾਂ ਨੂੰ ਯਾਦ ਰੱਖੋ।

ਇੱਕ ਪਾਸੇ ਅੰਗਰੇਜ਼ ਹਕੂਮਤ ਦੁਆਰਾ ਸ਼ਰੇਆਮ ਹਜ਼ਾਰਾਂ ਨਿਰਦੋਸ਼ ਹਰੀਮੰਦਰ ਸਾਹਿਬ ਦੇ ਸੌ ਕੁ ਗਜ਼ ਦੀ ਦੂਰੀ ਤੇ ਜਲਿਆਂ ਵਾਲਾ ਬਾਗ ਚ ਮਾਰੇ ਜਾ ਰਹੇ ਹਨ ਪਰ ਹਰੀਮੰਦਰ ਸਾਹਿਬ ਤੇ ਕਾਬਜ਼ ਜੱਟ ਉਨਾਂ ਅੰਗਰੇਜ਼ਾਂ ਨੂੰ ਸਿਰੋਪੇ ਭੀ ਪਾ ਰਹੇ ਹਨ ਤੇ ਡਿਨਰ ਪਾਰਟੀਆਂ ਭੀ ਕਰ ਰਹੇ ਹਨ! ਪਰ ਜੱਟ ਤਾਂ ਜੱਟ ਹੀ ਨੇ,ਗਲਤੀ ਥੋੜਾ ਕਰ ਸਕਦੇ ਹਨ?ਜੇਕਰ ਕਰਦੇ ਹਨ ਤਾਂ ਗਲਤੀ ਮੰਨਣਾਂ ਜੱਟਾਂ ਦਾ ਕੰਮ ਥੋੜਾ! ਸਰੋਪਾ ਤਾਂ ਇਸ ਕਰਕੇ ਪਾਇਆ ਸੀ ਤਾਂ ਕਿ ਪਤਾ ਲੱਗਾ ਸੀ ਕਿ ਜੇਕਰ ਗ਼ੁੱਸੇ ਚ ਆਏ ਅੰਗਰੇਜ਼ਾਂ ਨੂੰ ਠੰਢਾ ਨਾਂ ਕੀਤਾ ਤਾਂ ਅੰਗਰੇਜ਼ ਹਵਾਈ ਹਮਲਾ ਕਰ ਸਕਦੇ ਹਨ, ਇਸ ਕਰਕੇ ਅੰਗਰੇਜ਼ਾਂ ਨੂੰ ਠੰਢਾ ਕਰਨ ਲਈ ਹਜ਼ਾਰਾਂ ਬੇਗੁਨਾਹਾਂ ਦਾ ਸ਼ਰੇਆਮ ਕਤਲ ਕਰਨ ਵਾਲੇ ਅੰਗਰੇਜ਼ਾਂ ਨੂੰ ਸਰੋਪਾ ਦੇਣਾ ਜਾਂ ਵਧੀਆ ਵਧੀਆ ਡਿਨਰ ਪਾਰਟੀਆਂ ਕਰਨਾਂ ਤਾਂ ਬਣਦਾ ਹੀ ਸੀ।ਹੈ ਨਾਂ ਦਲੇਰ ਅਣਖੀਲੇ ਜੱਟ ਸਿੱਖ!

ਜਗੀਰਦਾਰੀਆਂ, ਜ਼ੈਲਦਾਰੀਆਂ ,ਸਰਦਾਰੀਆਂ, ਨੰਬਰਦਾਰੀਆਂ ਇਹ ਸਭ ਤੋਹਫ਼ੇ ਆਪਣੇਂ ਆਪ ਨੂੰ ਖ਼ਾਨਦਾਨੀ ਕਹਾਉਣ ਵਾਲੇ ਜੱਟਾਂ ਦੇ ਹੱਥ ਆਈਆਂ ਜਿੰਨਾਂ ਰੱਜ ਕੇ ਆਪਣੇਂ ਹੀ ਲੋਕਾਂ ਦੀਆਂ ਸਾਰੀਆਂ ਯੋਜਨਾਵਾਂ ਅੰਗਰੇਜ਼ਾਂ ਨੂੰ ਜਾ ਦੱਸੀਆਂ ਮਤਲਬ ਕਿ ਅੰਗਰੇਜ਼ਾਂ ਦੇ ਪਿੱਠੂ ਬਣਕੇ ਆਪਣੇਂ ਹੀ ਲੋਕਾਂ ਨਾਲ ਗੱਦਾਰੀਆਂ ਕੀਤੀਆਂ , ਆਪਣੇਂ ਹੀ ਲੋਕਾਂ ਦੇ ਪਿੱਠ ਚ ਛੁਰਾ ਮਾਰਿਆ ਤੇ ਇਵਜਾਨੇਂ ਵਜੋਂ ਜਗੀਰਦਾਰੀਆਂ ਹਾਸਲ ਕੀਤੀਆਂ ਤੇ ਹਕੂਮਤ ਭੀ ਕੀਤੀ ਤੇ ਹੁਣ ਤੱਕ ਉਹੀ ਆਪਣਾਂ ਸਿੱਕਾ ਜਮਾਈ ਬੈਠੇ ਹਨ!

ਅੱਜ ਜਿੱਥੇ ਮਰਜ਼ੀ ਦੇਖੋ ਗੁਰਦੁਆਰਿਆਂ ਚ ਪੱਗੋ ਲੱਥੀ, ਹੱਥੋਂ ਹੱਥੀ, ਗਾਲੋ ਗਾਲੀ, ਕਿਰਪਾਨੋਂ ਕਿਰਪਾਨਾਂ ਸਾਡੇ ਮਹਾਨ ਜੱਟ ਹੀ ਹੋ ਰਹੇ ਹਨ।ਹੈ ਨਾਂ ਸਿੱਖ ਤੇ ਸਿੱਖੀ ਦਾ ਨਾਂਅ ਉੱਚਾ ਕਰ ਰਹੇ!ਪਰ ਇੱਕ ਗੱਲ ਠੀਕ ਹੈ ਕਿ ਲੜਾਈ ਝਗੜੇ ਗੁਰੂ ਘਰ ਦੀ ਹਦੂਦ ਅੰਦਰ ਹੀ ਕਰਦੇ ਹਨ ਬਾਹਰ ਬਿਲਕੁੱਲ ਸਿੱਧੇ ਹੋ ਕੇ , ਸ਼ਰੀਫ ਸੁਭਾਅ ਵਾਲੇ ਬਣਕੇ ਚੱਲਦੇ ਹਾਂ। ਬਾਹਰ ਤਾਂ ਕੋਈ ਮਰੀਅਲ ਜਿਹਾ ਕਾਲਾ ਭੀ ਕਿਸੇ ਚੰਗੇ ਹੱਟੇ ਕੱਟੇ ਬੰਦੇ ਨੂੰ ਭੀ ਮਨ ਚਾਹਿਆ ਕੁਟਾਪਾ ਫੇਰ ਸਕਦਾ ਹੈ।
“””ਕਿਓਂਕਿ ਅਸੀਂ ਜੱਟ ਹੁੰਨੇਂ ਆਂ””
Kuldeep Malah ਦੀ Wall ਤੋਂ।

No comments:

Post a Comment