ਜ਼ੌਹਰਏਤੇਗ਼
ਸਿੰਘਾ ਤੇਗ ਦਾ ਵੇਗ ਵੇਖ
ਬਿਆਸ ਦਰਿਆ ਦੇ ਕੰਢੇ ਵੱਸੇ ਪਿੰਡ ਢਿਲਵਾਂ ਲਾਗਲੇ ਜੰਗਲ ਵਿੱਚ ਵਿੱਚ ਕੁਝ ਸਿੰਘਾਂ ਨਾਲ ਬਾਘ ਸਿੰਘ ਹੱਲੋਵਾਲੀਆ (ਮਾਮਾ ਸ: ਆਹਲੂਵਾਲੀਆ) ਅਤੇ ਸ: ਖਿਆਲਾ ਸਿੰਘ ਕੰਗ ਟਿਕੇ ਹੋਏ ਸਨ। ਸ: ਹੱਲੋਵਾਲੀਆ ਆਪਣੀ ਤੇਗ਼ ਨੂੰ ਪੱਥਰੀ ਨਾਲ ਧਾਰ ਲਗਾਉਂਦਾ ਬੋਲਿਆ,” ਖਿਆਲਾ ਸਿੰਘਾਂ, ਖਬਰੀਏ ਨੇ ਸੂਹ ਤਾਂ ਪੱਕੀ ਦਿੱਤੀ ਸੀ ਕਿ ਕੁਤਬਦੀਨ ਏਥੇ ਸ਼ਿਕਾਰ ਖੇਡਣ ਆਉਂਦਾ... ਦੋ ਦਿਨ ਹੋ ਗਏ ਇਥੇ ਤਾਂ ਕੋਈ ਬਹੁੜਿਆ ਨਹੀਂ”।
ਘੋੜੇ ਦੇ ਮੂੰਹ ਵਿੱਚ ਘਾਹ ਦਾ ਬੁੱਥਾ ਦੇ ਕੇ ਉਹਦੀ ਧੌਣ ਨੂੰ ਥਾਪੜਦਾ ਸ: ਕੰਗ ਬੋਲਿਆ,” ਜਥੇਦਾਰ ਜੀ, ਸੂਹ ਤਾਂ ਪੱਕੀ ਹੈ... ਪਰ ਜਾਨਵਰ ਦੇ ਸ਼ਿਕਾਰ ਨਾਲੋਂ ਸ਼ਿਕਾਰੀ ਦਾ ਸ਼ਿਕਾਰ ਔਖਾ ਈ ਹੁੰਦਾ”।
ਇਹ ਕਹਿੰਦਿਆਂ ਹੀ ਦੋਵੇਂ ਹੱਸ ਪਏ... ਇਕ ਦਮ ਸਾਂਅ ਕਰਦੀ ਇਕ ਸ਼ੂਕਦੇ ਤੀਰ ਦੀ ਆਵਾਜ਼ ਆਈ... ਤੇ ਨਾਲ ਹੀ ਘੋੜਿਆਂ ਦੀਆਂ ਟਾਪਾਂ ਦੀ ਦਗੜ ਦਗੜ ਸੁਣੀ...। ਆਏ ਸ਼ਿਕਾਰ ਦੀ ਆਮਦ ਨੇ ਸਿੰਘਾਂ ਦੇ ਚਿਹਰਿਆਂ ਤੇ ਰੌਣਕ ਲੈ ਆਂਦੀ... ਸਿੰਘਾਂ ਨੇ ਘੋੜੇ ਕੱਸੇ.. ਸ਼ਸਤ੍ਰ ਲਏ ਅਤੇ ਆਪਣੇ ਸ਼ਿਕਾਰ ਦਾ ਪਿੱਛਾ ਸ਼ੁਰੂ ਕੀਤਾ..।ਥੋੜੀ ਹੀ ਦੂਰ ਗਏ ਤਾਂ ਆਪਣੇ ਅਹਿਲਕਾਰਾਂ ਨਾਲ ਸ਼ਿਕਾਰ ਖੇਡਦਾ ਕੁਤਬਦੀਨ ਨਜ਼ਰੀ ਪਿਆ... ਉਹ ਕਾਬਲੀ ਘੋੜੀ ਉਪਰ ਸਵਾਰ ਹੋ ਕੇ ਸ਼ਿਕਾਰ ਖੇਡਣ ਨਿਕਲਿਆ ਸੀ... ਬੱਸ ਸਿੰਘਾਂ ਨੇ ਹੱਲਾ ਬੋਲ ਦਿੱਤਾ... ਕੁਝ ਸਿੰਘ ਤਾਂ ਉਸ ਦੇ ਅਹਿਲਕਾਰਾਂ ਨਾਲ ਭਿੜ ਪਏ ਤੇ ਕੁਤਬਦੀਨ ਨੇ ਘੋੜੀ ਭਜਾ ਲਈ.. ਇਹ ਵੇਖਦਿਆਂ ਹੀ ਖਿਆਲਾ ਸਿੰਘ ਕੰਗ ਨੇ ਉਸ ਦੇ ਪਿਛੇ ਆਪਣਾ ਘੋੜਾ ਲਗਾ ਦਿੱਤਾ ਅਤੇ ਸ: ਹੱਲੋਵਾਲੀਏ ਨੇ ਵੀ ਉਧਰ ਹੀ ਘੋੜਾ ਮੋੜ ਲਿਆ।ਕੁਤਬਦੀਨ ਦੀ ਕਾਬਲੀ ਘੋੜੀ ਫਾਸਲਾ ਪਾਉਂਦੀ ਜਾ ਰਹੀ ਸੀ... ਸ:ਕੰਗ ਦਾ ਘੋੜਾ ਪਿਛੇ ਰਹਿੰਦਾ ਜਾ ਰਿਹਾ ਸੀ...ਸ: ਬਾਘ ਸਿੰਘ ਦਾ ਘੋੜਾ ਵਧੀਆ ਸੀ ਅਤੇ ਉਹ ਜਦੋਂ ਸ: ਖਿਆਲਾ ਸਿੰਘ ਦੇ ਘੋੜੇ ਤੋਂ ਅੱਗੇ ਲੰਘਣ ਲੱਗਾ ਤਾਂ ਮਜ਼ਾਕ ਨਾਲ ਕਹਿੰਦਾ,” ਸਿੰਘਾਂ ਤੁਰੰਗ ਦਾ ਵੇਗ ਘੱਟ ਆ.. ਕਿਤੇ ... ਬਾਜ਼ ਹੱਥੋਂ ਬਟੇਰਾ ਨਿਕਲ ਨਾ ਜਾਵੇ”।
ਸ: ਖਿਆਲਾ ਸਿੰਘ ਕੰਗ ਨੇ ਰੋਹ ਵਿੱਚ ਆ ਕੇ ਵਗ੍ਹਾਟੀ ਤੇਗ਼ ਕੁਤਬਦੀਨ ਵੱਲ ਛੱਡੀ ਜੋ ਸਿੱਧੀ ਉਸਦੀ ਕਾਬਲੀ ਘੋੜੀ ਦੀ ਖੁੱਚ ਲਾਹੁੰਦੀ ਪਾਰ ਹੋ ਗਈ ਤੇ ਕੁਤਬਦੀਨ ਘੋੜੀ ਸਮੇਤ ਮੂਧੇ ਮੂੰਹ ਜਾ ਡਿੱਗਾ.... ਖਿਆਲਾ ਸਿੰਘ ਨੇ ਮੁਸਕੁਰਾ ਕੇ ਬਾਘ ਸਿੰਘ ਵੱਲ ਤੱਕਿਆ ਅਤੇ ਕਿਹਾ,” ਸਿੰਘਾ....ਘੋੜੇ ਦਾ ਨਹੀਂ,ਤੇਗ਼ ਦਾ ਵੇਗ ਵੇਖ”।
ਏਨੇ ਚਿਰ ਨੂੰ ਸ: ਬਾਘ ਸਿੰਘ ਨੇ ਉਠ ਕੇ ਭੱਜਣ ਲੱਗੇ ਕੁਤਬਦੀਨ ‘ਤੇ ਤਲਵਾਰ ਦਾ ਵਾਰ ਕੀਤਾ ਤੇ ਸਿਰ ਹਵਾ ਵਿੱਚ ਉਡਦਾ ਵੇਖ ਕੇ ਕਿਹਾ,”ਸਿੰਘਾ .. ਵੇਗ ਤਾਂ ਵੇਖ ਲਿਆ.. ਹੁਣ ਜ਼ੌਹਰ ਏ ਤੇਗ਼ ਵੇਖ”।
ਇਹ ਕਹਿੰਦਿਆਂ ਦੋਵਾਂ ਨੇ ਹੱਸ ਨੇ ਇਕ ਦੂਜੇ ਨੂੰ ਗੱਲਵਕੜੀ ਵਿੱਚ ਲੈ ਲਿਆ ਅਤੇ ਨਾਸਰਅਲੀ ਨਾਲ ਮਿਲ ਕੇ ਗੁ:ਕਰਤਾਰਪੁਰ ਦੀ ਬੇਅਦਬੀ ਕਰਨ ਵਾਲਾ ਕੁਤਬਦੀਨ ਦੋ ਹਿੱਸਿਆਂ ਵਿੱਚ ਜ਼ਮੀਨ ਤੇ ਪਿਆ ਸੀ।
No comments:
Post a Comment