Wednesday, March 31, 2021

Bhai Nand Lal Ji Life History

 



29 ਮਾਰਚ 1682 ਨੂੰ ਭਾਈ ਨੰਦ ਲਾਲ ਜੀ ਔਰੰਗਜ਼ੇਬ ਤੋ ਜਾਨ ਬਚਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਪਹੁੰਚਿਆ ਸੀ । ਆਉ ਸੰਖੇਪ ਝਾਤ ਮਾਰੀਏ ਭਾਈ ਨੰਦ ਲਾਲ ਜੀ ਦੇ ਜੀਵਨ ਕਾਲ ਤੇ ਜੀ ।

ਭਾਈ ਨੰਦ ਲਾਲ ਜੀ ਗੋਯਾ (੧੬੩੩–੧੭੧੩) ਦਾ ਜਨਮ ਗ਼ਜ਼ਨੀ (ਅਫ਼ਗ਼ਾਨਿਸਤਾਨ) ਵਿਚ ਹੋਇਆ । ਉਨ੍ਹਾਂ ਦੇ ਪਿਤਾ ਛੱਜੂ ਮੱਲ ਜੀ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਮੁਨਸ਼ੀ ਅਤੇ ਬਹੁਤ ਚੰਗੇ ਵਿਦਵਾਨ ਸਨ । ਭਾਈ ਨੰਦ ਲਾਲ ਜੀ ਨੇ ਬਾਰਾਂ ਸਾਲ ਦੀ ਉਮਰੀ ਵਿਚ ਕਵਿਤਾ ਲਿਖਣੀ ਸ਼ੁਰੂ ਕੀਤੀ ਅਤੇ ਆਪਣਾ ਤਖੱਲੁਸ 'ਗੋਯਾ' ਰੱਖਿਆ । ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਅਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । 

ਇਨ੍ਹਾ ਦਾ ਜਨਮ 1633 ਈਸਵੀ ਨੂੰ ਗਜਨੀ ਵਿਚ ਛੱਜੂ ਰਾਮ ਖਤ੍ਰੀ ਦੇ ਘਰ ਹੋਇਆ ਛੱਜੂ ਰਾਮ ਆਪ ਵੀ ਅਰਬੀ ਤੇ ਫ਼ਾਰਸੀ ਦੇ ਬਹੁਤ ਵਡੇ ਤੇ ਪ੍ਰਸਿਧ ਵਿਦਵਾਨ ਸੀ । ਉਸ ਨੇ ਆਪਣੇ ਪਿਤਾ ਤੋਂ ਸੰਸਕ੍ਰਿਤ, ਹਿੰਦੀ, ਅਰਬੀ ਅਤੇ ਫ਼ਾਰਸੀ ਸਿੱਖੀ ਤੇ ਬਾਅਦ ਵਿਚ ਅਰਬੀ ਤੇ ਫ਼ਾਰਸੀ ਦੀ ਉਚ ਵਿਦਿਆ ਵੀ ਪ੍ਰਾਪਤ ਕੀਤੀ । ਜ਼ਰੀਆ-ਮੁਆਸ਼ ਦੀ ਤਲਾਸ਼ ਵਿਚ ਉਹ ਆਪਣਾ ਵਤਨ ਮੁਲਤਾਨ (ਪੰਜਾਬ) ਛੱਡ ਕੇ ਗਜਨੀ (ਅਫ਼ਗਾਨਿਸਤਾਨ) ਵਿਚ ਜਾ ਵੱਸੇ। ਉਨ੍ਹਾਂ ਦੀ ਯੋਗਤਾ ਅਤੇ ਫ਼ਾਰਸੀ ਦੇ ਗਿਆਨ ਦੀ ਤਾਰੀਫ਼ ਸੁਣ ਕੇ ਉਥੋਂ ਦੇ ਹਾਕਮ ਨਵਾਬ ਮੁਅੱਯੂਦੀਨ ਨੇ ਉਨ੍ਹਾਂ ਨੂੰ ਆਪਣਾ ਮੀਰ ਮੁਨਸ਼ੀ (ਦੀਵਾਨ) ਮੁਕੱਰਰ ਕਰ ਦਿੱਤਾ। ਇਥੇ ਹੀ ਭਾਈ ਨੰਦ ਲਾਲ ਦਾ ਜਨਮ ਹੋਇਆ ਜਦ ਉਹ 12 ਸਾਲ ਤੇ ਹੋਏ ਤਾਂ ਰਸਮ ਅਨੁਸਾਰ ਰਾਮਾਨੰਦੀ ਬੈਰਾਗੀਆਂ ਦੇ ਕੁਲ ਗੁਰੂ ਨੇ ਭਾਈ ਸਾਹਿਬ ਦੇ ਗਲ ਵਿਚ ਕਾਠ ਦੇ ਮਣਕਿਆਂ ਦੀ ਕੰਠੀ ਪਾਉਣੀ ਚਾਹੀ ਤਾਂ ਬਾਲਕ ਨੰਦ ਲਾਲ ਨੇ ਪੂਰੇ ਅਦਬ ਨਾਲ ਇਸ ਕੰਠੀ ਨੂੰ ਗ੍ਰਹਿਣ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਤਸ਼ਰੀਹੀ ਵਜਾਹਤ ਨਾਲ ਆਖਿਆ ਕਿ ‘ਧਰਮ ਤੇ ਆਤਮਿਕ ਮਾਰਗ ਦੀ ਚੋਣ ਮੇਰੇ ਲਈ ਕੋਈ ਰਸਮੀ ਬੰਧਨ ਨਹੀਂ, ਮੈਂ ਆਤਮਿਕ ਸੁਰਤੀ ਦੀ ਪ੍ਰਵਾਜ਼ ਰਾਹੀਂ ਆਪਣੇ ਧਰਮ ਗੁਰੂ ਦੀ ਤਲਾਸ਼ ਖੁਦ ਕਰਾਂਗਾ। ਕਿਸੇ ਨੂੰ ਕੀ ਪਤਾ ਸੀ ਕਿ ਜਿਸ ਕਾਮਲ ਮੁਰਸ਼ਦ ਦੀ ਤਲਾਸ਼ ਬਾਲਕ ਨੰਦ ਲਾਲ ਨੂੰ ਹੈ, ਉਹ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ।

ਜਦੋਂ ਉਹ ਸਤਾਰਾਂ ਸਾਲ ਦੇ ਹੋਏ ਤਾਂ ਉਨ੍ਹਾਂ ਦੇ ਮਾਤਾ ਜੀ ਅਤੇ ਉਸਤੋਂ ਦੋ ਸਾਲ ਬਾਦ ਉਨ੍ਹਾਂ ਦੇ ਪਿਤਾ ਜੀ ਦਾ ਦੇਹਾਂਤ ਹੋ ਗਿਆ । ਪਿਤਾ ਦੀ ਮੌਤ ਤੋਂ ਬਾਅਦ ਭਾਈ ਨੰਦ ਲਾਲ ਜੀ ਪੰਜਾਬ ਮੁੜ ਆਏ ਅਤੇ ਮੁਲਤਾਨ ਵਿਚ ਰਹਿਣ ਲੱਗੇ । ਭਾਈ ਸਾਹਿਬ ਦੀ ਵਿਦਵਤਾ ਅਤੇ ਯੋਗਤਾ ਦੀ ਖ਼ਬਰ, ਗਲੀ-ਕੂਚੇ ਹੁੰਦੀ ਹੋਈ ਜਦੋਂ ਮੁਲਤਾਨ ਦੇ ਹਾਕਮ ਤੱਕ ਪਹੁੰਚੀ, ਤਦ ਮੁਲਤਾਨ ਦੇ ਹਾਕਮ ਨੇ ਖੁਦ ਭਾਈ ਸਾਹਿਬ ਨੂੰ ਆਪਣੇ ਦਰਬਾਰ ਵਿਚ ਬੁਲਾ ਕੇ, ਆਪਣੇ ਮੀਰ ਮੁਨਸ਼ੀ (ਦੀਵਾਨ) ਦੀ ਪਦਵੀ ‘ਤੇ ਮੁਕੱਰਰ ਕਰ ਦਿੱਤਾ, ਜੋ ਭਾਈ ਸਾਹਿਬ ਨੇ ਪੂਰੀ ਇਮਾਨਦਾਰੀ ਅਤੇ ਯੋਗਤਾ ਨਾਲ ਪੂਰੇ 6 ਸਾਲ ਤੱਕ ਨਿਭਾਈ। ਕੁਝ ਸਮਾ ਪਾਕੇ ਭਾਈ ਨੰਦ ਲਾਲ ਆਗਰਾ ਚਲੇ ਗਏ, ਜਿੱਥੇ ਆਪ ਔਰੰਗਜ਼ੇਬ ਦੇ ਵੱਡੇ ਸ਼ਹਿਜ਼ਾਦੇ ਮੁਅੱਜ਼ਮ (ਬਹਾਦਰ ਸ਼ਾਹ) ਦੇ ਮੀਰ ਮੁਨਸ਼ੀ ਨਿਯੁਕਤ ਹੋ ਗਏ। ਸ਼ਹਿਜ਼ਾਦਾ ਮੁਅੱਜ਼ਮ ਆਪ ਦੇ ਦੈਵੀ ਗੁਣਾਂ ਅਤੇ ਵਿਦਵਤਾ ਦਾ ਮੁਰੀਦ ਹੋ ਗਿਆ ਤੇ ਅਖੀਰ ਨੂੰ ਇਹ ਗੁਣ ਅਤੇ ਸ਼ੋਭਾ ਹੀ ਉਨ੍ਹਾਂ ਲਈ ਵੱਡੀ ਮੁਸੀਬਤ ਦਾ ਕਾਰਨ ਬਣ ਗਈ ਜਿਸ ਕਰਕੇ ਉਨ੍ਹਾ ਨੂੰ ਰਾਤੋ -ਰਾਤ ਨਸ ਕੇ ਆਨੰਦਪੁਰ ਸਾਹਿਬ ਜਾਣਾ ਪਿਆ ।


ਗੁਰਮਤਿ ਦੇ ਇਤਿਹਾਸ ਵਿਚ ਭਾਈ ਨੰਦ ਲਾਲ ਜੀ ਦੀ ਖਾਸ ਜਗਹ ਹੈ । ਇਹ ਇਸਲਾਮੀ ਵਿਦਿਅਕ ਤੇ ਧਾਰਮਿਕ ਪਰੰਪਰਾਵਾਂ ਥਲੇ ਪਲੇ ਪੜੇ ਤੇ ਪ੍ਰਵਾਨ ਚੜੇ ਇਸਲਾਮੀ ਵਿਦਿਆ ਦਾ ਰੰਗ ਇਨ੍ਹਾ ਦੇ ਉਪਰ ਸਪੱਸ਼ਟ ਚੜਿਆ ਦਿਖਦਾ ਸੀ । ਇਹ ਫ਼ਾਰਸੀ ਤੇ ਅਰਬੀ ਦੇ ਬਹੁਤ ਵਡੇ ਵਿਦਵਾਨ ਸਨ ਉਹ ਕੁਰਾਨ ਸ਼ਰੀਫ਼ ਸਿਰਫ ਪੜਨਾ ਹੀ ਨਹੀਂ ਸੀ ਜਾਣਦੇ ਬਲਿਕ ਉਸਦੀ ਸਹੀ ਤਦਸੀਰ ਕਰਨ ਵਿਚ ਵਡੇ ਵਡੇ ਮੌਲਵੀਆਂ ਨੂੰ ਵੀ ਚਕਿਤ ਕਰ ਦਿੰਦੇ ਸਨ । ਜੋ ਬਾਅਦ ਵਿਚ ਔਰੰਗਜ਼ਬ ਦੇ ਦਰਬਾਰ ਵਿਚੋਂ ਉਨ੍ਹਾ ਦੇ ਭਜਣ ਦਾ ਕਾਰਣ ਬਣਿਆ ਔਰੰਗਜ਼ੇਬ ਇਸ ਨੂੰ ਮੁਸਲਮਾਨਾਂ ਦੀ ਕਤਾਰ ਵਿਚ ਖੜੇ ਹੋਏ ਵੇਖਣਾ ਚਾਹੁੰਦਾ ਸੀ ਜੋ ਨੰਦ ਲਾਲ ਨੂੰ ਮਨਜੂਰ ਨਹੀਂ ਸੀ ।


ਕਿਸੇ ਵਕ਼ਤ ਇਹ ਔਰੰਗਜ਼ੇਬ ਦੇ ਪੁਤਰ ਮੁਆਜਮ ,ਬਹਾਦੁਰ ਸ਼ਾਹ ਨੂੰ ਫਾਰਸੀ ਪੜਾਂਦਾ ਸੀ । ਇਕ ਵਾਰੀ ਫ਼ਾਰਸੀ ਦੀ ਚਿਠੀ ਦਾ ਤਜ਼ਰੁਮਾ ਕਰਣ ਲਈ ਓਹ ਔਰੰਗਜ਼ੇਬ ਦੇ ਦਰਬਾਰ ਵਿਚ ਆਇਆ ਉਸ ਨੇ ਚਿਠੀ ਦਾ ਤਜਰਮਾ ਇਤਨਾ ਸੋਹਣੇ ਢੰਗ ਨਾਲ ਕੀਤਾ ਕਿ ਔਰੰਗਜ਼ੇਬ ਨੇ ਕੰਨਾ ਨੂੰ ਹਥ ਲਗਾਏ ਦਰਬਾਰੀਆਂ ਤੋ ਇਸਦਾ ਦਾ ਨਾਂ ਪੁਛਿਆ ਜਦ ਔਰੰਗਜ਼ੇਬ ਨੂੰ ਪਤਾ ਚਲਿਆ ਕੀ ਇਹ ਹਿੰਦੂ ਹੈ ਤਾਂ ਉਸਨੇ ਦਰਬਾਰੀਆਂ ਨੂੰ ਹਿਤਾਇਤ ਦਿਤੀ ਕਿ ਜਾਂ ਤਾ ਇਸ ਨੂੰ ਦੀਨ-ਏ-ਇਸਲਾਮ ਵਿਚ ਲੈ ਆਉ ਜਾ ਇਸਦਾ ਕਤਲ ਕਰ ਦਿਉ । ਉਸ ਕੋਲੋਂ ਬਰਦਾਸ਼ਤ ਨਹੀਂ ਹੋਇਆ ਕਿ ਇਤਨਾ ਕਾਬਿਲ ਇਨਸਾਨ ਕਿਸੇ ਦੂਸਰੇ ਮਹਜਬ ਦੀ ਸ਼ਾਨ ਹੋਵੇ ਇਹ ਗਲ ਔਰੰਗਜ਼ੇਬ ਦੇ ਬੇਟੇ ਤਕ ਵੀ ਪਹੁੰਚ ਗਈ ਉਸਨੇ ਨੰਦ ਲਾਲ ਨੂੰ ਜਦ ਦਸਿਆ ਨੰਦ ਲਾਲ ਘਬਰਾ ਗਿਆ ਤੇ ਪੁਛਣ ਲਗਾ ਕੀ ਮੈਨੂੰ ਆਪਣੀ ਜਾਨ ਤੇ ਧਰਮ ਦੋਨੋ ਪਿਆਰੇ ਹਨ , ਐਸੀ ਕਿਹੜੀ ਥਾਂ ਹੈ ਜਿਥੇ ਮੈਂ ਦੋਵਾ ਨੂੰ ਬਚਾ ਸਕਾਂ । ਤਾਂ ਔਰੰਗਜ਼ੇਬ ਦੇ ਪੁਤਰ ਨੇ ਕਿਹਾ ਕੀ ਜੇ ਤੂੰ ਆਪਣੇ ਜਾਨ ਤੇ ਧਰਮ ਦੀ ਸਲਾਮਤੀ ਚਾਹੁੰਦਾ ਹੈ ਤਾਂ ਆਨੰਦਪੁਰ ਚਲਾ ਜਾ ਨੰਦ ਲਾਲ ਰਾਤੋ ਰਾਤ ਆਪਣੇ ਮੁਸਲਮਾਨ ਪ੍ਰਬੰਧਕ ਤੇ ਅਨੁਯਾਈ ਦੀ ਮਦਤ ਨਾਲ ਆਗਰੇ ਦੇ ਕਿਲੇ ਤੋਂ ਬਚ ਨਿਕਲਿਆ ਤੇ ਅਨੰਦ ਪੁਰ ਸਾਹਿਬ ਜਾ ਪੁਜਾ ।


ਗੁਰੂ ਸਾਹਿਬ ਇਸਦੀ ਵਿਦਵਤਾ ਦੇਖ ਕੇ ਬੜੇ ਖੁਸ਼ ਹੋਏ ਪਰ ਕਿਤੇ ਹੰਕਾਰ ਨਾ ਹੋ ਜਾਏ ਇਸ ਲਈ ਇਸ ਨੂੰ ਲੰਗਰ ਦੇ ਭਾਂਡੇ ਮਾਂਜਣ ਦੀ ਸੇਵਾ ਤੇ ਲਗਾ ਦਿਤਾ । ਨੰਦ ਲਾਲ ਨੂੰ ਇਹ ਸੇਵਾ ਚੰਗੀ ਨਾ ਲਗੀ ਬੜਾ ਹੈਰਾਨ ਹੋਕੇ ਸੋਚਣ ਲਗਾ ਕੀ ਇਹਨਾ ਨੂੰ ਤਾਂ ਮੈਨੂੰ ਕਵਿਤਾਂ ਜਾ ਕੁਝ ਲਿਖਿਆ ਸੁਣਾਣ ਵਾਸਤੇ ਕਹਿਣਾ ਚਾਹੀਦਾ ਸੀ , ਭਾਂਡੇ ਮਾਜਣ ਤੇ ਲਗਾ ਦਿਤਾ ਹੈ । ਖੈਰ ਹੁਕਮ ਤਾਂ ਮੰਨਨਾ ਹੀ ਪੈਣਾ ਸੀ ਭਾਡੇ ਮਾਂਜਦਿਆਂ ਮਾਂਜਦਿਆਂ ਮਨ ਦਾ ਹੰਕਾਰ ਵੀ ਹੋਲੀ ਹੋਲੀ ਸਾਫ਼ ਹੁੰਦਾ ਗਿਆ ਕੁਝ ਚਿਰ ਮਗਰੋ ਲੰਗਰ ਦੀ ਸ਼ਾਖ ਦਾ ਮੁਖੀ ਬਣਾ ਦਿਤਾ ਗਿਆ ।


ਇਕ ਦਿਨ ਗੁਰੂ ਸਾਹਿਬ ਨੇ ਲੰਗਰ ਦੇ ਪ੍ਰਬੰਧ ਦਾ ਨਰੀਖਸ਼ਣ ਕਰਨ ਦਾ ਸੋਚਿਆ , ਭੇਸ ਬਦਲ ਕੇ ਸਭ ਦੇ ਲੰਗਰ-ਖਾਨਿਆ ਵਿਚ ਗਏ ਤੇ ਕਿਹਾ ,” ਮੈਂ ਦੋ ਦਿਨ ਦਾ ਭੁਖਾ ਹਾਂ ਬੜੀ ਦੂਰੋਂ ਚਲ ਕੇ ਆਇਆ ਹਾਂ ਭੁਖ ਲਗੀ ਹੈ ਕੁਝ ਖਾਣ ਨੂੰ ਦੇ ਦਿਓ ” । ਲੰਗਰ ਦਾ ਵਕਤ ਨਹੀਂ ਸੀ ,ਹਰ ਇਕ ਮੁਖੀਏ ਨੇ ਕਹਿ ਦਿਤਾ ਕੀ ਅਜੇ ਲੰਗਰ ਦਾ ਵਕਤ ਨਹੀਂ ਹੋਇਆ , ਲੰਗਰ ਤਿਆਰ ਨਹੀਂ ਹੈ , ਕੁਝ ਚਿਰ ਬਾਅਦ ਵਿਚ ਆਣਾ ਫਿਰ ਭਾਈ ਨੰਦ ਲਾਲ ਦੇ ਲੰਗਰ ਵਿਚ ਗਏ ਤੇ ਬੋਲੇ ਮੈਂ ਬੜੀ ਦੂਰੋਂ ਚਲ ਕੇ ਆਇਆ ਹਾਂ ਥਕਿਆ ਹੋਇਆਂ ਹਾਂ ਦੋ ਦਿਨ ਤੋਂ ਕੁਝ ਖਾਧਾ ਨਹੀ, ਕੁਝ ਖਾਣ ਨੂੰ ਹੈ ਤਾਂ ਦੇ ਦਿਉ ਨੰਦ ਲਾਲ ਬੜੇ ਪਿਆਰ ਸਤਿਕਾਰ ਨਾਲ ਉਨਾ ਨੂੰ ਮੰਜੇ ਤੇ ਬਿਠਾਇਆ , ਥਕਾਨ ਉਤਾਰਨ ਲਈ ਗਰਮ ਪਾਣੀ ਨਾਲ ਉਨਾ ਦੇ ਪੈਰ ਧੋਤੇ ਤੇ ਬੋਲੇ ਤੁਸੀਂ ਥੋੜਾ ਆਰਾਮ ਕਰੋ ਮੈਂ ਹੁਣੇ ਕੁਝ , ਜੋ ਵੀ ਜਲਦੀ ਜਲਦੀ ਬਣ ਸਕਦਾ ਹੈ ਲੈਕੇ ਆਂਦਾ ਹਾਂ । ਜੋ ਕੁਝ ਬਣਿਆ ਲੈਕੇ ਆਏ ਬੜੇ ਪਿਆਰ ਸਤਕਾਰ ਨਾਲ ਖੁਆਇਆ ਗੁਰੂ ਸਾਹਿਬ ਨੇ ਆਪਣੀ ਚੇਹਰੇ ਤੋ ਚਾਦਰ ਲਾਹੀ ਤੇ ਕਹਿਣ ਲਗੇ ” ਮੈਂ ਬਹੁਤ ਖੁਸ਼ ਹਾਂ ਨੰਦ ਲਾਲ ਕੁਝ ਮੰਗ ਲੈ “ ਤਾਂ ਨੰਦ ਲਾਲ ਨੇ ਕੀ ਮੰਗਿਆ ,”ਬਸ ਆਪਣੇ ਚਰਨਾ ਵਿਚ ਥਾਂ ਦੇ ਦਿਉ ਇਸਤੋ ਵਧ ਮੈਨੂੰ ਕੁਝ ਨਹੀਂ ਚਾਹਿਦਾ ।


ਇਕ ਵਾਰੀ ਗੁਰੂ ਸਾਹਿਬ ਨੰਦ ਲਾਲ ਤੇ ਕੁਝ ਹੋਰ ਸਿਖਾਂ ਨਾਲ ਸੈਰ ਕਰਨ ਨੂੰ ਜਾ ਰਹੇ ਸੀ ਰਸਤੇ ਵਿਚੋਂ ਉਹਨਾ ਨੇ ਇਕ ਪਥਰ ਚੁਕਿਆ , ਨਦੀ ਵਿਚ ਸੁਟਿਆ ਤੇ ਸਿਖਾਂ ਤੋਂ ਪੁਛਣ ਲਗੇ ਕੀ ਇਹ ਪਥਰ ਕਿਓਂ ਡੁਬਿਆ ਹੈ ? ਸਿਖਾਂ ਨੇ ਕਿਹਾ ਕੀ ਪਥਰ ਭਾਰੀ ਹੁੰਦਾ ਹੈ ਇਸ ਲਈ ਪਾਣੀ ਵਿਚ ਡੁਬ ਗਿਆ ਹੈ, ਥੋੜੀ ਦੂਰ ਜਾਕੇ ਫਿਰ ਇਕ ਹੋਰ ਪਥਰ ਚੁਕਿਆ , ਨਦੀ ਵਿਚ ਸੁਟਿਆ , ਫਿਰ ਓਹੀ ਸਵਾਲ , ਤੀਸਰੀ ਵਾਰੀ ਫਿਰ ਪਥਰ ਸੁਟ ਕੇ ਓਹੀ ਸਵਾਲ ਪਥਰ ਡੁਬਿਆ ਕਿਓਂ ਹੈ । ਬਾਰ ਬਾਰ ਇਕੋ ਸਵਾਲ ਤੇ ਇਕ ਸਿਖ ਨੇ ਥੋੜੇ ਖਿਝ ਕੇ ਕਿਹਾ ਪਾਤਸ਼ਾਹ ਕੀ ਕਰਦੇ ਹੋ , ਪਥਰ ਚੁਕਦੇ ਹੋ , ਸੁਟਦੇ ਹੋ ਤੇ ਮੁੜ ਮੁੜ ਕੇ ਉਹੀ ਸਵਾਲ ਕਰਦੇ ਹੋ ਤੁਹਾਨੂੰ ਵੀ ਪਤਾ ਹੈ ਕੀ ਪਥਰ ਭਾਰੀ ਹੈ ਇਸ ਲਈ ਡੁਬ ਗਿਆ ਹੈ । ਚੌਥੀ ਵਾਰ ਫਿਰ ਪਥਰ ਨਦੀ ਵਿਚ ਸੁਟਿਆ ਤੇ ਸਵਾਲ ਕੀਤਾ ਨੰਦ ਲਾਲ ਪਥਰ ਡੁਬਿਆ ਕਿਓਂ ਹੈ ? ਇਸ ਵਾਰੀ ਸਿਖਾਂ ਨੂੰ ਨਹੀ ਨੰਦ ਲਾਲ ਤੋਂ ਪੁਛਦੇ ਹਨ ਨੰਦ ਲਾਲ ਚੁਪ, ਫਿਰ ਕਿਹਾ ਨੰਦ ਲਾਲ ਮੈਂ ਤੇਰੇ ਕੋਲੋਂ ਪੁਛ ਰਿਹਾਂ ਹਾਂ ਪਥਰ ਡੁਬਿਆ ਕਿਓਂ ਹੈ ਨੰਦ ਲਾਲ ਦੇ ਅਖਾਂ ਵਿਚ ਹੰਜੂ ਸੀ ,ਕਹਿਣ ਲਗਾ ,” ਪਾਤਸ਼ਾਹ , ਨਾ ਮੈਂ ਪਾਣੀ ਦੇਖਿਆ .ਨਾ ਪੱਥਰ ,ਮੈਨੂੰ ਤਾ ਬਸ ਇਤਨਾ ਪਤਾ ਹੈ ਕੀ ਜੋ ਤੇਰੇ ਹਥੋਂ ਛੁੱਟ ਗਿਆ ਓਹ ਡੁਬ ਗਿਆ । ਇਤਨੀ ਸ਼ਰਧਾ ਤੇ ਪਿਆਰ ਸੀ ਉਸਦਾ ਗੁਰੂ ਸਹਿਬ ਨਾਲ ਨੰਦ ਲਾਲ ਦਾ ਜਵਾਬ ਸੁਣ ਕੇ ਗੁਰੂ ਸਾਹਿਬ ਨੇ ਕੁਝ ਮੰਗਣ ਲਈ ਕਿਹਾ ਤਾਂ ਉਸਦਾ ਜਵਾਬ ਸੀ , ਮੈਂ ਕੀ ਮੰਗਾ ? ਤੁਹਾਡੇ ਚੇਹਰੇ ਵਿਚੋਂ ਮੈਨੂ ਸਾਰੀ ਕਾਇਨਾਤ ਦੇ ਦਰਸ਼ਨ ਹੁੰਦੇ ਹਨ ਤੇ ਕੇਸਾਂ ਵਿਚੋ ਲੋਕ ਪ੍ਰਲੋਕ ਦੇ ਇਸਤੋਂ ਵਧ ਮੈਨੂੰ ਕੀ ਚਾਹਿਦਾ ਹੈ ? ਜਦ ਗੁਰੂ ਸਾਹਿਬ ਨੇ ਫਿਰ ਵੀ ਮੰਗਣ ਲਈ ਕਿਹਾ ਤਾਂ ਨੰਦ ਲਾਲ ਨੇ ਇਕ ਬੜੀ ਖੂਬਸੂਰਤ ਗਲ ਕਹੀ ਕੀ ਬਸ ਮੇਰੀ ਇਕ ਮੰਗ ਹੈ ਕੀ ਜਦੋ ਮੈਂ ਮਰਾਂ ਤਾਂ ਮੇਰੇ ਤਨ ਦੀ ਸਵਾਹ ਤੁਹਾਡੇ ਚਰਨਾਂ ਤੋ ਸਿਵਾ ਕਿਸੀ ਹੋਰ ਦੇ ਪੈਰਾਂ ਨੂੰ ਨਾ ਲਗੇ ।


ਇਸਤੋਂ ਬਾਦ ਉਹ ਗੁਰੂ ਤੋ ਕਦੇ ਵਿਛੜਿਆ ਨਹੀ ਤਦ ਤਕ ਜਦ ਤਕ ਗੁਰੂ ਸਾਹਿਬ ਨੇ ਆਨੰਦਪੁਰ ਦਾ ਕਿਲਾ ਖਾਲੀ ਕਰਨ ਸਮੇ ਉਸ ਨੂੰ ਖੁਦ ਵਾਪਸ ਨਹੀਂ ਭੇਜਿਆ ਵਿਛੜਨ ਵੇਲੇ ਨੰਦ ਲਾਲ ਦੇ ਅਖਾਂ ਵਿਚ ਅਥਰੂ ਸਨ , ਕਹਿਣ ਲਗਾ ਕੀ ਪਾਤਸ਼ਾਹ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਹੋਰ ਕੁਝ ਨਹੀ ਤਾਂ ਆਪਣੇ ਪਿਆਰੇ ਦੇ ਖੇਮੇ ਦੇ ਬਾਹਰ ਖੜਾ ਹੋਕੇ ਪਹਿਰਾ ਦਿਆਂ , ਤਾਂ ਗੁਰੂ ਸਾਹਿਬ ਨੇ ਉਸਦੇ ਹਥ ਕਲਮ ਪਕੜਾ ਦਿਤੀ ਤੇ ਕਹਿਣ ਲਗੇ ” ਇਹ ਸੂਰੇ ਦੀ ਤਲਵਾਰ ਵਾਗ ਚਲੇ ਤੇਗ ਵਾਲੀਆਂ ਨੇ ਤੇਗ ਵਾਹੁਣੀ ਹੈ ਤੇ ਤੁਸੀਂ ਕਲਮ ਇਕ ਸਿਪਾਹੀ ਦੀਆਂ ਬਾਹਾਂ ਨਾਲੋ ਵਧ ਤਾਕਤ ਇਸ ਕਲਮ ਵਿਚ ਹੈ, ਇਹੀ ਨੇਕੀ, ਧਰਮ,ਸਿਮਰਨ ਤੇ ਸ਼ੁਭ ਆਚਰਣ ਸਿਖਾਵੇ ,ਇਹੀ ਤੁਹਾਡੇ ਵਾਸਤੇ ਹੁਕਮ ਹੈ । ਆਨੰਦਪੁਰ ਸਾਹਿਬ ਛਡਣ ਵੇਲੇ ਹਰ ਪਖੋਂ ਸੋਚ ਵਿਚਾਰ ਕੇ ਗੁਰੂ ਸਾਹਿਬ ਵਲੋਂ ਉਸ ਨੂੰ ਮੁਲਤਾਨ ਵਾਪਸ ਜਾਣ ਦੀ ਆਗਿਆ ਹੋਈ ।


ਨੰਦ ਲਾਲ ਦੀ ਕਲਮ ਵਿਚੋਂ ਨਿਕਲੀਆਂ ਗੁਰੂ ਸਹਿਬ ਬਾਰੇ ਕੁਝ ਸਤਰਾਂ :–

ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ

ਏਜਦੀ ਮਨੂੰਰ ਗੁਰੂ ਗੋਬਿੰਦ ਸਿੰਘ

ਹਕ ਹਕ ਮਨਜੂਰ ਗੁਰੂ ਗੋਬਿੰਦ ਸਿੰਘ

ਜੁਮਲਾ ਫੈਜ਼ੀਲੂਰ ਗੁਰੂ ਗੋਬਿੰਦ ਸਿੰਘ

ਹਕ ਹਕ ਆਗਾਹ ਗੁਰੂ ਗੋਬਿੰਦ ਸਿੰਘ

ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ

ਖਾਲਸੇ ਬੇ ਦੀਨਾ ਗੁਰੂ ਗੋਬਿੰਦ ਸਿੰਘ

ਹਕ ਹਕ ਆਇਨਾ ਗੁਰੂ ਗੋਬਿੰਦ ਸਿੰਘ

ਹਕ ਹਕ ਅੰਦੇਸ਼ ਗੁਰੂ ਗੋਬਿੰਦ ਸਿੰਘ

ਬਾਦਸ਼ਾਹ ਦਰਵੇਸ ਗੁਰੂ ਗੋਬਿੰਦ ਸਿੰਘ



ਭਾਈ ਨੰਦ ਲਾਲ ਜੀ ਨੇ ‘ਗੋਇਆ’ ਦੇ ‘ਤਖੱਲਸ’ ਨਾਲ 12 ਸਾਲ ਦੀ ਉਮਰ ਚ ਫ਼ਾਰਸੀ ਕਵਿਤਾ ਲਿਖਣਾ ਸ਼ੁਰੂ ਕਰ ਦਿੱਤਾ। ਨੰਦ ਲਾਲ ਗੁਰੂ ਸਾਹਿਬ ਦੇ ਦਰਬਾਰ ਦੇ 52 ਕਵੀਆਂ ਵਿਚੋਂ ਇਕ ਸੀ । ਕਵਿਤਾ ਰਾਹੀਂ ਸਿਖ ਧਰਮ ਨੂੰ ਪੇਸ਼ ਕਰਕੇ ਗੁਰੂ ਸਾਹਿਬ ਨੇ ਗੋਯਾ ਦੇ ਬੰਦਗੀ ਨਾਮਾ ਨੂੰ ਜਿੰਦਗੀ ਨਾਮਾ ਦਾ ਨਾਮ ਦਿਤਾ । ਇਨ੍ਹਾ ਦਾ ਵਿਆਹ ਇਕ ਸ਼ਰਧਾਲੂ ਸਿਖ ਘਰਾਣੇ ਵਿਚ ਹੋਇਆ ਜਿਸਤੋਂ ਪ੍ਰੇਰਿਤ ਹੋਕੇ ਆਪ ਸਿਰਫ ਸਿਖ ਧਰਮ ਦੇ ਸ਼ਰਧਾਲੂ ਹੀ ਨਹੀਂ ਬਲਿਕ ਪੂਰੇ ਤੌਰ ਤੇ ਗੁਰਮਤਿ ਦੇ ਕਾਇਲ ਹੋ ਗਏ । ਆਪ ਦੇ ਘਰ ਦੋ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ਦੇ ਨਾਂ ਲਖਪਤ ਰਾਇ ਤੇ ਲੀਲਾ ਰਾਮ ਰੱਖੇ ਗਏ। 


ਇਨ੍ਹਾ ਦੀਆਂ ਕੁਲ 9 ਰਚਨਾਵਾਂ ,ਤਨਖਾਹ ਨਾਮਾ ਤੇ ਰਹਿਤਨਾਮਾ ਉਪਲਬਧ ਹਨ :-

ਦੀਵਾਨਿ ਗੋਇਆ (ਫ਼ਾਰਸੀ )

ਜਿੰਦਗੀ ਨਾਮਾ (ਫ਼ਾਰਸੀ )

ਜੋਤ ਬਿਕਾਸ (ਫ਼ਾਰਸੀ )

ਜੋਤ ਬਿਕਾਸ (ਹਿੰਦੀ)

ਗੰਜ ਨਾਮਾ (ਫ਼ਾਰਸੀ)

ਤੋਸੀਫ-ਓ-ਸਿਨਾ (ਫ਼ਾਰਸੀ )

ਅਰਜ਼ੁਲ ਅਲਫਾਜ਼ (ਫ਼ਾਰਸੀ)

ਦਸਤੂਰ-al-ਇੰਨਸ਼ਾ (ਫ਼ਾਰਸੀ)

ਖਾਤਿਮਾ (ਫ਼ਾਰਸੀ)

                                                                                                                                                                                        ਜਿਸ ਤਰਹ ਗੁਰਮਤਿ ਦੀ ਸੋਝੀ ਲਈ ਗੁਰੂ ਗਰੰਥ ਸਾਹਿਬ ਪੜਨਾ ਜਰੂਰੀ ਹੈ ਇਸੇ ਤਰਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੇ ਨੰਦ ਲਾਲ ਗੋਇਆ ਦੀਆਂ ਰਚਨਾਵਾਂ ਪੜਨੀਆਂ ਜਰੂਰੀ ਹਨ ਕਿਓਂਕਿ ਉਨ੍ਹਾ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਦਾ ਰਸ ਮਾਣਿਆ ਹੈ ਜਿਸਦਾ ਪ੍ਰਭਾਵ ਤੇ ਗੁਰੂ ਸਾਹਿਬ ਦੀ ਸੰਗਤ ਦਾ ਅਸਰ ਪ੍ਰਤਖ ਉਨ੍ਹਾ ਦੀਆਂ ਰਚਨਾਵਾਂ ਵਿਚ ਦਿਸਦਾ ਹੈ । ਉਨ੍ਹਾ ਦੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ ਨਾਲ ਪੂਰੀ ਤਰਹ ਮੇਲ ਖਾਂਦੀਆਂ ਹਨ । ਵਾਹਿਗੁਰੂ ਵਿਚ ਵਿਸ਼ਵਾਸ ਤੇ ਉਸਦਾ ਸਿਮਰਨ ਨੂੰ ਈਮਾਨ ਦੀ ਵਡੀ ਪੂੰਜੀ ਤੇ ਜੀਵਨ ਅਧਾਰ ਕਿਹਾ ਹੈ । ਸਾਧ ਦੀ ਸੰਗਤ ਵਿਚ ਬੈਠ ਕੇ ਰਬ ਦੀ ਬੰਦਗੀ ਕਰਨੀ, ਚਾਹੇ ਉਹ ਕਿਤੇ ਵੀ ਕਿਸੇ ਥਾਂ ਤੇ ਹੋਵੇ ਉਤਮ ਮਨਿਆ ਹੈ । ਇਸ ਨੂੰ ਕਿਸੇ ਬੁਤਖਾਨੇ ਜਾਂ ਕਾਅਬੇ ਵਿਚ ਸੀਮਤ ਨਹੀਂ ਰਖਿਆ । ਚਾਹੇ ਉਨ੍ਹਾ ਦੀਆਂ ਲਿਖਤਾਂ ਵਿਚ ਇਸਲਾਮੀ ਵਿਦਿਆ ਦਾ ਡੂੰਘਾ ਅਸਰ ਹੈ ਪਰ ਕਿਤੇ ਵੀ ਉਹ ਗੁਰਮਤਿ ਸਿਧਾਂਤਾਂ ਤੋਂ ਪਾਸੇ ਨਹੀਂ ਹਟੇ ਤੇ ਬੜੀ ਬਖੂਬੀ ਨਾਲ ਚਿਤਰਣ ਕੀਤਾ ਹੈ । ਉਮਰ ਦੀ ਆਖਰੀ ਅਵਸਥਾ ਵਿਚ ਭਾਈ ਨੰਦ ਲਾਲ ਨੂੰ, ਜੋ ਉਮਰ ਵਿਚ ਦਸਮ ਪਾਤਸ਼ਾਹ ਹਜ਼ੂਰ ਨਾਲੋਂ 33 ਸਾਲ ਵੱਡੇ ਸਨ, ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਆਖਰੀ ਜੰਗ ਤੋਂ ਪਹਿਲਾਂ, ਸਾਰੀ ਸਥਿਤੀ ਦੀ ਨਾਜ਼ੁਕਤਾ ਵਿਚਾਰਦਿਆਂ ਹੋਇਆਂ ਭਾਈ ਸਾਹਿਬ ਨੂੰ ਮੁਲਤਾਨ ਭੇਜ ਦਿੱਤਾ। ਇੱਥੇ ਹੀ ਆਪ ਆਖ਼ਰ 80 ਸਾਲ ਦੀ ਉਮਰ ਭੋਗ ਕੇ ਸੰਨ 1713 ਵਿਚ ਗੁਰੂ ਜੀ ਦੀ ਗੋਦ ਵਿਚ ਜਾ ਬਿਰਾਜੇ। ਭਾਈ ਸਾਹਿਬ ਦੀ ਮਹਾਨ ਸ਼ਖ਼ਸੀਅਤ ‘ਤੇ ਇਕਬਾਲ ਦਾ ਇਹ ਸ਼ਿਅਰ ਇੰਨ-ਬਿੰਨ ਉਨ੍ਹਾ ਤੇ ਢੁਕਦਾ ਹੈ ।

ਹੋਤਾ ਹੈ ਕੋਹੋ ਦਸ਼ਤ ਮੇਂ ਪੈਦਾ ਕਭੀ ਕਭੀ।ਵੋਹ ਮਰਦ ਜਿਸ ਕਾ ਫ਼ਕਰ ਕਰੇ, ਖਜ਼ਫ਼ ਕੋ ਨਗੀਂ।

 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।

No comments:

Post a Comment