ਗੁਰੂ ਹਰਗੋਬਿੰਦ ਸਾਹਿਬ ਦੇ ਸਿਦਕੀ ਸਿੱਖ ਭਾਈ ਰੂਪ ਚੰਦ ਜੀ
ਭਾਈ ਰੂਪ ਚੰਦ ਸਿੱਖ ਇਤਿਹਾਸ ਦੀ ਮਹਾਨ ਸ਼ਖ਼ਸੀਅਤ ਹੋਏ ਹਨ। ਉਨ੍ਹਾਂ ਨੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਦੀ ਨੇੜਤਾ ਦਾ ਨਿੱਘ ਮਾਣਿਆ। ਜਿੱਥੇ ਗੁਰੂ ਹਰਗੋਬਿੰਦ ਜੀ ਨੇ ਭਾਈ ਰੂਪ ਚੰਦ ਨੂੰ ਆਪਣਾ ਭਾਈ ਹੋਣ ਦਾ ਮਾਣ ਦਿੱਤਾ, ਉੱਥੇ ਹੀ ਦਸਮ ਪਿਤਾ ਨੇ ‘ਤੇਰਾ ਘਰ ਸੋ ਮੇਰਾ ਘਰ’ ਕਹਿ ਕੇ ਵਡਿਆਈ ਬਖ਼ਸ਼ਿਸ਼ ਕੀਤੀ। ਭਾਈ ਰੂਪ ਚੰਦ ਨੇ ਅਜਿਹੀ ਹੀ ਵਡਿਆਈ ਆਪਣੇ ਸਪੁੱਤਰਾਂ ਤੇ ਪੋਤਰਿਆਂ ਨੂੰ ਗੁਰੂ ਸਾਹਿਬਾਨ ਤੋਂ ਦਿਵਾਈ।
ਗੁਰੂ ਰਾਮ ਦਾਸ ਜੀ ਤੋਂ ਸਿੱਖੀ ਧਾਰਨ ਕਰਨ ਵਾਲੇ ਭਾਈ ਆਕਲ ਪਿੰਡ ਵੱਡਾਘਰ (ਮੋਗਾ) ਦੀ ਲੜਕੀ ਬੀਬੀ ਸੂਰਤੀ ਦਾ ਵਿਆਹ ਪਿੰਡ ਤੁਕਲਾਣੀ ਦੇ ਵਸਨੀਕ ਭਾਈ ਸਾਧੂ ਨਾਲ ਹੋਇਆ। ਗੁਰੂ ਹਰਗੋਬਿੰਦ ਸਿੰਘ ਦੇ ਦਰਸ਼ਨਾਂ ਨੇ ਭਾਈ ਸਾਧੂ ਦਾ ਜੀਵਨ ਬਦਲ ਦਿੱਤਾ ਸੀ। ਇੱਕ ਦਿਨ ਭਾਈ ਸਾਧੂ ਆਪਣੇ ਪੁੱਤਰ ਭਾਈ ਰੂਪ ਚੰਦ ਨਾਲ ਖੇਤਾਂ ਵਿੱਚ ਹਾੜ੍ਹੀ ਵੱਢਣ ਦੇ ਕੰਮ ਵਿੱਚ ਲੱਗੇ ਹੋਏ ਸਨ ਕਿ ਕੰਮ ਕਰਦਿਆਂ ਪਿਆਸ ਲੱਗ ਆਈ। ਜਦੋਂ ਪਿਓ-ਪੁੱਤਰ ਨੇ ਪਿਆਸ ਬੁਝਾਉਣ ਲਈ ਖੇਤ ਵਿੱਚ ਜੰਡ ਦੇ ਦਰੱਖ਼ਤ ਨਾਲ ਟੰਗੀ ਮਸ਼ਕ ਲਾਹੀ ਤਾਂ ਪਾਣੀ ਅਤਿ ਠੰਢਾ ਦੇਖ ਕੇ ਮਨ ਵਿੱਚ ਖ਼ਿਆਲ ਆਇਆ ਕਿ ਇਹ ਠੰਢਾ ਤੇ ਸੁਆਦਲਾ ਪਾਣੀ ਤਾਂ ਗੁਰੁੂ ਸਾਹਿਬ ਦੇ ਪੀਣ ਲਾਇਕ ਹੈ। ਮਨ ਦੀ ਇਸ ਬਿਰਤੀ ਨੂੰ ਉਜਾਗਰ ਕਰਦਿਆਂ ਉਨ੍ਹਾਂ ਫ਼ੈਸਲਾ ਲਿਆ ਕਿ ਉਹ ਇਹ ਪਾਣੀ ਤਾਂ ਹੀ ਪੀਣਗੇ ਜੇ ਗੁਰੂ ਸਾਹਿਬ ਪਹਿਲਾਂ ਇਸ ਦਾ ਸੇਵਨ ਕਰਨ। ਭਾਈ ਸਾਧੂ ਤੇ ਭਾਈ ਰੂਪ ਚੰਦ ਨੇ ਤਿੱਖੀ ਪਿਆਸ ਲੱਗੀ ਹੋਣ ਦੇ ਬਾਵਜੂਦ ਉਸ ਮਸ਼ਕ ਵਿੱਚੋਂ ਪਾਣੀ ਨਾ ਪੀਤਾ।
ਤੇਜ਼ ਗਰਮੀ ਤੇ ਪਿਆਸ ਸਿੱਖਾਂ ਦੇ ਸਿਦਕ ਦੀ ਪਰਖ ਕਰ ਰਹੀਆਂ ਸਨ। ਗੁਰੂ ਜੀ ਨੂੰ ਅੰਤਰ ਧਿਆਨ ਯਾਦ ਕਰ ਕੇ ਪਹਿਲਾਂ ਉਹ ਪ੍ਰਰਾਥਨਾ ਕਰਦੇ ਰਹੇ ਤੇ ਫਿਰ ਦੋਵੇਂ ਬੇਹੋਸ਼ ਹੋ ਗਏ। ਉਸ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ, ਆਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਪਿੰਡ ਡਰੋਲੀ ਭਾਈ (ਮੋਗਾ) ਠਹਿਰੇ ਹੋਏ ਸਨ। ਗੁਰੂ ਸਾਹਿਬ ਪਿੰਡ ਤੁਲਕਾਣੀ ਤੋਂ 30 ਕੋਹ ਪੈਂਡਾ ਤੈਅ ਕਰ ਕੇ, ਨੇੜਲੇ ਗੁਰਸਿੱਖਾਂ ਅਤੇ ਜਰਨੈਲਾਂ ਨੂੰ ਦੱਸੇ ਬਗੈਰ ਘੋੜੇ ’ਤੇ ਸਵਾਰ ਹੋ ਕੇ ਉਸ ਖੇਤ ਵਿੱਚ ਜਾ ਪਹੁੰਚੇ, ਜਿੱਥੇ ਭਾਈ ਸਾਧੂ ਤੇ ਉਸ ਦਾ ਪੁੱਤਰ ਭਾਈ ਰੂਪ ਚੰਦ ਬੇਹੋਸ਼ ਪਏ ਸਨ। ਗੁਰੂ ਸਾਹਿਬ ਨੇ ਉਨ੍ਹਾਂ ਦੇ ਮੂੰਹ ’ਤੇ ਪਾਣੀ ਦੇ ਛਿੱਟੇ ਮਾਰ ਕੇ ਉਨ੍ਹਾਂ ਨੂੰ ਹੋਸ਼ ਵਿੱਚ ਲਿਆਂਦਾ ਤੇ ਉਨ੍ਹਾਂ ਹੱਥੋਂ ਜਲ ਛਕਿਆ ਤੇ ਉਨ੍ਹਾਂ ਉੱਤੇ ਅਸ਼ੀਰਵਾਦ ਰੂਪੀ ਅਨੇਕ ਬਖ਼ਸ਼ਿਸ਼ਾਂ ਕੀਤੀਆਂ। ਜਦੋਂ ਗੁਰੂ ਜੀ ਨਾਲ ਵਿਚਾਰ-ਵਿਟਾਂਦਰੇ ਦੌਰਾਨ ਭਾਈ ਰੂਪ ਚੰਦ ਦੇ ਪਿਤਾ ਭਾਈ ਸਾਧੂ ਨੇ ਦੱਸਿਆ ਕਿ ਪਿੰਡ ਤੁਲਕਾਣੀ ਵਿੱਚ ਉਨ੍ਹਾਂ ਦਾ ਇਕੱਲਾ ਗੁਰਸਿੱਖ ਪਰਿਵਾਰ ਹੋਣ ਕਰਕੇ ਉਨ੍ਹਾਂ ਨੂੰ ਸਖੀ ਸਰਵਰ ਪੂਜਕਾਂ ਹੱਥੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਗੁਰੂ ਜੀ ਨੇ ਜੰਡ ਦੇ ਸਥਾਨ ਤੋਂ ਤੀਰ ਛੱਡਦਿਆਂ ਕਿਹਾ ਕਿ ਜਿਸ ਸਥਾਨ ’ਤੇ ਇਹ ਤੀਰ ਡਿੱਗੇਗਾ, ਉੱਥੇ ਨਵਾਂ ਨਗਰ ਵਸਾ ਲਵੋ। ਗੁਰੂ ਹਰਗੋਬਿੰਦ ਸਾਹਿਬ ਨੇ 1631 ਨੂੰ ਮੋੜੀ ਗੱਡੀ ਤੇ ਭਾਈ ਰੂਪ ਚੰਦ ਦੇ ਨਾਂ ’ਤੇ ਪਿੰਡ ਭਾਈ ਰੂਪਾ ਵਸਾਇਆ। ਇਸ ਸਿਦਕੀ ਸਿੱਖ ਨੂੰ ਗੁਰੂ ਸਾਹਿਬ ਨੇ ਇੱਥੇ ਹੀ ਲੰਗਰ ਚਲਾਉਣ ਲਈ ਕਿਹਾ ਅਤੇ ਉਨ੍ਹਾਂ ਨੂੰ ਨਿਸ਼ਾਨੀ ਵਜੋਂ ਆਪਣੇ ਕੁਝ ਵਸਤਰ ਤੇ ਸ਼ਸਤਰ ਬਖ਼ਸ਼ਿਸ਼ ਕੀਤੇ, ਪਰ ਭਾਈ ਰੂਪ ਚੰਦ ਨੇ ਸ਼ਸਤਰ ਧਾਰਨ ਕਰਨ ਦੀ ਥਾਂ ਗੁਰੂ ਜੀ ਦੀਆਂ ਬਖ਼ਸ਼ੀਆਂ ਨਿਸ਼ਾਨੀਆਂ ਸਤਿਕਾਰ ਸਹਿਤ ਸਿਰ ਉੱਤੇ ਚੁੱਕ ਲਈਆਂ ਤੇ ਨਿਮਰ ਭਾਵ ਨਾਲ ਕਿਹਾ, ‘‘ਤੁਹਾਡੇ ਬਖ਼ਸ਼ਿਸ਼ ਕੀਤੇ ਇਹ ਵਸਤਰ ਤੇ ਸ਼ਸਤਰ ਮੇਰੇ ਲਈ ਪਵਿੱਤਰ ਹਨ। ਮੈਂ ਇਨ੍ਹਾਂ ਨੂੰ ਪਹਿਨ ਕੇ ਇਨ੍ਹਾਂ ਦੀ ਬੇਅਦਬੀ ਨਹੀਂ ਕਰ ਸਕਦਾ।’’ ਭਾਈ ਰੂਪ ਚੰਦ ਦੇ ਮੂੰਹੋਂ ਅਜਿਹੇ ਨਿਮਰ ਸ਼ਬਦ ਸੁਣ ਕੇ ਗੁਰੂ ਜੀ ਬਹੁਤ ਖ਼ੁਸ਼ ਹੋਏ ਤੇ ਕਿਹਾ, ‘‘ਤੇਰੀ ਜ਼ੁਬਾਨ ਹੀ ਤੇਰੀ ਤਲਵਾਰ ਦਾ ਕੰਮ ਕਰੇਗੀ।’’ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਦੀਨੇ ਕਾਂਗੜ ਦੀ ਧਰਤੀ ’ਤੇ ਭਾਈ ਰੂਪ ਚੰਦ ਤੇ ਉਨ੍ਹਾਂ ਦੇ ਪੰਜ ਸਪੁੱਤਰਾਂ ਨੂੰ ਅੰਮ੍ਰਿਤਪਾਨ ਕਰਵਾਇਆ।
ਭਾਈ ਰੂਪ ਚੰਦ (ਸਿੰਘ) ਦੇ ਪਰਿਵਾਰ ਨੇ ਵਿਰਾਸਤ ਵਿੱਚ ਹਾਸਲ ਹੋਈਆਂ ਗੁਰੂ ਸਾਹਿਬਾਨ ਦੀਆਂ ਬਖ਼ਸ਼ਿਸ਼ ਕੀਤੀਆਂ ਨਿਸ਼ਾਨੀਆਂ ਤੇ ਹੁਕਮਨਾਮੇ ਭਾਈ ਰੂਪਾ, ਪਿੰਡ ਬਾਗੜੀਆਂ (ਨਾਭਾ) ਤੇ ਹੋਰ ਭਾਈਕੇ ਪਰਿਵਾਰਾਂ ਵਿੱਚ ਸ਼ਰਧਾ ਅਤੇ ਸਤਿਕਾਰ ਸਾਹਿਤ ਸੰਗਤਾਂ ਦੇ ਦਰਸ਼ਨਾਂ ਲਈ ਸੰਭਾਲ ਕੇ ਰੱਖੀਆਂ ਹੋਈਆਂ ਹਨ। ਭਾਈ ਰੂਪ ਚੰਦ ਦਾ ਵੰਸ਼ ਪੰਜਾਬ ਦੇ ਤਕਰੀਬਨ 28 ਪਿੰਡਾਂ ਵਿੱਚ ਵੱਧ-ਫੁੱਲ ਰਿਹਾ ਹੈ। ਗੁਰੂ-ਘਰ ਪ੍ਰਤੀ ਇਸ ਸਿਦਕੀ ਸਿੱਖ ਦੀ ਸੇਵਾ ਕਰਕੇ ਇਸ ਪਰਿਵਾਰ ਦਾ ਨਾਂ ਸਿੱਖ ਜਗਤ ਵਿੱਚ ਹਮੇਸ਼ਾਂ ਸਤਿਕਾਰ ਦਾ ਪ੍ਰਤੀਕ ਰਹੇਗਾ।
No comments:
Post a Comment