ਗਤੀ ਤਾਂ ਸਿਰ ਨਾਲ ਵੀ ਨਹੀਂ ਹੋਣੀ
ਏਮਨਾਬਾਦ ਦੀ ਵੱਡੀ ਹਵੇਲੀ ਵਿੱਚ ਬੜਾ ਇਕੱਠ ਸੀ... ਲੋਕ ਮੂੰਹ ਜੋੜ ਜੋੜ ਕੇ ਗੁਟਰਗੂੰ ਕਰ ਰਹੇ ਸਨ...” ਅੱਤ ਚੁੱਕੀ ਸੀ ਅੰਤ ਹੋਣਾ ਈ ਸੀ....ਸਿਖੜਿਆਂ ਨਾਲ ਪੰਗਾ ਲੈਣਾ ਤਾਂ ਅੱਗੋਂ ਇਹੀ ਦਾਖੂ ਦਾਣਾ ਮਿਲਣਾ ਸੀ.... ਜਦੋਂ ਦੇ ਯਾਹੀਆ ਖ਼ਾਂ ਤੇ ਹੱਯਾਤ ਉੱਲਾ ਆਪਸ ਵਿੱਚ ਲੜ ਰਹੇ ਨੇ ... ਸਿੱਖੜੇ ਜ਼ੋਰ ਫੜਦੇ ਜਾ ਰਹੇ ਆ...।”
ਏਨੇ ਨੂੰ ਇਕ ਬੱਘੀ ਆਈ... ਅੱਗੇ ਬਰਛਿਆਂ ਵਾਲੇ ਸਿਪਾਹੀ ਸਨ.. ਬੱਘੀ ਡਿਉਢੀ ਵਿੱਚ ਰੁੱਕੀ ਤਾਂ ਏਮਨਾਬਾਦ ਦੇ ਫ਼ੌਜਦਾਰ ਜਸਪਤ ਰਾਏ ਦੇ ਪੁੱਤਰ ਹਰਭਜ ਰਾਏ ਅਤੇ ਉਸਦੀ ਮਾਂ ਨੇ ਬੱਘੀ ਵਿੱਚ ਰੱਖੀ ਬਿਨ੍ਹਾਂ ਸਿਰ ਦੀ ਲਾਸ਼ ਤੋਂ ਚਾਦਰ ਚੁੱਕੀ ਤਾਂ ਧਾਹਾਂ ਨਿਕਲ ਗਈਆਂ,” ਹਾਏ ਲੋਕੋ ... ਮੈਂ ਲੁੱਟੀ ਗਈ..ਬੜਾ ਸਮਝਾਇਆ ਸੀ ਪਰ ਮੇਰੀ ਇਕ ਨਾ ਮੰਨਿਆ.... ਵਾਸਤੇ ਪਾਏ ਸੀ ਕਿ ਚੜਤੂ (ਚੜ੍ਹਤ ਸਿੰਘ) ਦੀ ਪੱਤਰੀ ਪੜ੍ਹ ਲਾ ਕਿ ਸਾਡਾ ਤੇਰੇ ਨਾਲ ਕੋਈ ਵੈਰ ਨਹੀਂ... ਉਹ ਤਾਂ ਰੋੜੀ ਸਾਹਿਬ ਦੇ ਦਰਸ਼ਨ ਕਰਨ ਤੇ ਲੰਗਰ ਖਾਣ ਆਏ ਸੀ ...ਹਾਏ ਰਾਣਿਆਂ ਤੂੰ ਕਿਉਂ ਸੁੱਤੇ ਸ਼ੇਰ ਦੀ ਮੁੱਛ ਨੂੰ ਹੱਥ ਲਾਉਣਾ ਸੀ...”
ਉਹਦੇ ਕੀਰਨੇ ਪਾਉਂਦਿਆਂ ਈ ਲਾਸ਼ ਬੱਘੀ ਤੋਂ ਲਾਹ ਕੇ ਲਕੜੀ ਦੇ ਫੱਟੇ ਉਪਰ ਰੱਖੀ ਗਈ... ਬੋਦੀ ਵਾਲੇ ਇਕ ਪੁਜਾਰੀ ਜੀ ਅੰਤਿਮ ਸੰਸਕਾਰ ਦੀਆਂ ਰਸਮਾਂ ਕਰਨ ਲੱਗੇ ਲਾਸ਼ ਨੂੰ ਤੱਕ ਕੇ ਬੋਲੇ,” ਸਾੜ ਤਾਂ ਲਓ... ਪਰ ਸ਼ਾਹਣੀ ਜੀ ਗਤੀ ਨਹੀਂ ਹੋਣੀ...ਸਿਰ ਤਾਂ ਧੜ੍ਹ ਉਪਰ ਹੈ ਨਹੀਂ... ਧਰਮਰਾਜ ਨੂੰ ਕਿਹੜਾ ਮੂੰਹ ਵਿਖਾਉਣਾ ਆ?”
ਪਰਿਵਾਰ ਸ਼ੰਸ਼ੋਪੰਜ ਵਿੱਚ ਪੈ ਗਿਆ ਤਾਂ ਆਪਣੇ ਧਰਮ ਗੁਰੂ ਬਦੋ ਕੀ ਗੁਸਾਈਂਆਂ ਵਾਲੇ ਕਿਰਪਾ ਰਾਮ ਨੂੰ ਬੁਲਾਇਆ ਅਤੇ ਪਰਿਵਾਰ ਦੀ ਬੇਨਤੀ ਲੈ ਕੇ ਕਿਰਪਾਰਾਮ ਸਿੰਘਾਂ ਦੇ ਜਥੇ ਪਾਸ ਗਿਆ... ਸਿੰਘਾਂ ਨੇ ਉਸ ਦਾ ਵਧੀਆ ਆਦਰ ਮਾਣ ਕੀਤਾ... ਕੁਝ ਛਕਾ ਕੇ ਚੜ੍ਹਤ ਸਿੰਘ ਨੇ ਕਿਹਾ,” ਮਿਸ਼ਰ ਜੀ ਹੁਣ ਸੇਵਾ ਦੱਸੋ?”
ਕਿਰਪਾ ਰਾਮ ਬੋਲਿਆ,” ਬੇਸ਼ੱਕ ਜੱਸੂ ਨੇ ਮਾੜੀ ਕਰਤੂਤ ਕੀਤੀ ਆ.... ਪਰ ਮੈਂ ਇਸ ਪਰਿਵਾਰ ਦਾ ਕੁਲ ਪੁਰੋਹਿਤ ਹਾਂ... ਉਹਦਾ ਸਿਰ ਇਥੇ ਰਹਿ ਗਿਆ... ਲਾਸ਼ ਧੜ੍ਹ ਤੋਂ ਬਿਨ੍ਹਾਂ ਹੈ... ਗਤੀ ਨਹੀਂ ਹੋਣੀ”
ਚੜ੍ਹਤ ਸਿੰਘ ਮੁਸਕੁਰਾ ਕੇ ਬੋਲੇ,” ਮਿਸ਼ਰ ਜੀ ਮੈਂ ਤਾਂ ਪੱਤਰੀ ਵੀ ਲਿਖੀ ਸੀ,
ਹਮਰਾ ਤੁਮਰਾ ਬੈਰ ਸੁ ਨਾਹੀਂ।।
ਬੈਰ ਤੋ ਹਮਰਾ ਤੁਰਕਨ ਤਾਹੀਂ।।
ਪਰ ਜਿਹੜੀ ਇਹਨੇ ਕਰਤੂਤ ਕੀਤੀ ਆ...ਗਤੀ ਤਾਂ ਸਿਰ ਨਾਲ ਵੀ ਨਹੀਂ ਹੋਣੀ... ਪਰ... ਖ਼ੈਰ..ਕੋਈ ਨਾ..ਦੇ ਦਿੰਦੇ ਆਂ..”
ਚੜ੍ਹਤ ਸਿੰਘ ਨੇ ਉੱਚੀ ਆਵਾਜ਼ ਮਾਰ ਕੇ ਕਿਹਾ,” ਓ... ਅਘੜ ਸਿੰਹਾਂ.. ਵੇਖੀਂ ਕਿਤੇ ਜੱਸੂ ਦੀ ਸਿਰੀ ਪਈ ਹੋਣੀ ਆ.... ਮਿਸ਼ਰ ਜੀ ਨੂੰ ਦੱਸ ਦੇ.. ਲੈ ਜਾਣ ... ਇਥੇ ਪਈ ਵੀ ਬੂ ਮਾਰੂ।”
ਅਘੜ ਸਿੰਘ ਕਹਿੰਦਾ,” ਜਥੇਦਾਰ ਜੀ.. ਪੁੱਛ ਕੇ ਦੱਸਦਾ ...ਨਿਬਾਹੂ ਸਿੰਘ ਨੇ ਵਾਰ ਕੀਤਾ ਸੀ .. ਹਾਥੀ ਦੇ ਹਉਦੇ ਚੜ੍ਹ ਕੇ.. ਪੁੱਛ ਦਾਂ ਉਹਨੂੰ ਕਿਹੜੇ ਪਾਸੇ ਉਡਾਈ ਸੀ..ਜੱਸੂ ਦੀ ਮੁੰਡੀ।”
ਏਨੇ ਚਿਰ ਨੂੰ ਨਿਭਾਹੂ ਸਿੰਘ ਨੇ ਨੇਜੇ ਉਪਰ ਟੰਗ ਕੇ ਜੱਸੂ ਦੀ ਸਿਰੀ ਮਿਸ਼ਰ ਜੀ ਦੇ ਸਾਹਮਣੇ ਲਿਆ ਧਰੀ ਅਤੇ ਬੋਲਿਆ,” ਲਓ ਮਿਸ਼ਰ ਜੀ ... ਪਰ ਇਹਨੇ ਸਾਡੇ ਲੰਗਰ ਦਾ ਬੜਾ ਨੁਕਸਾਨ ਕੀਤਾ... ਸਾਡੀ ਰਸਦ ਦਾ ਹਰਜ਼ਾਨਾ ਦੇ ਦਿਓ ਤੇ ਸਿਰੀ ਲੈ ਜਾਓ....”
ਮਿਸ਼ਰ ਕਿਰਪਾ ਰਾਮ ਨੇ 500 ਰੁਪੈ ਲੰਗਰ ਵਿੱਚ ਭੇਟਾ ਕੀਤੇ ਅਤੇ ਜੱਸੂ ਦਾ ਸਿਰ ਕੱਪੜੇ ਵਿੱਚ ਲਪੇਟ ਕੇ ਲੈ ਗਿਆ...”
ਬਦੋ ਕੀ ਗੁਸਾਂਈਆਂ ਵਾਲੇ ਕੁਝ ਪੰਡਿਤ ਬਾਅਦ ਵਿੱਚ ਸਿੱਖਾਂ ਦੇ ਹਿਮਾਇਤੀ ਰਹੇ ਪਰ ਜਸਪਤ ਅਤੇ ਲਖਪਤ ਦੀ ਮੂਰਖਤਾ ਨੇ ਛੋਟੇ ਘੱਲੂਘਾਰੇ ਦਾ ਮੁੱਢ ਬੰਨਿਆ।
ਡਾ: ਸੁਖਪ੍ਰੀਤ ਸਿੰਘ ਉਦੋਕੇ
No comments:
Post a Comment